ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 7 ਜੂਨ
ਪਿੰਡ ਸ਼ਾਮਦੂ ਕੈਂਪ ਵਾਸੀ ਇੱਕ ਨੌਜਵਾਨ ਨੂੰ ਕਤਲ ਕਰ ਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਦੀ ਪੁਲੀਸ ਨੇ 8 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀ.ਐੱਸ.ਪੀ ਰਾਜਪੁਰਾ ਅਕਾਸ਼ਦੀਪ ਸਿੰਘ ਔਲਖ ਨੇ ਦੱਸਿਆ ਕਿ ਰਣਜੀਤ ਕੁਮਾਰ ਵਾਸੀ ਪਿੰਡ ਸ਼ਾਮਦੂ ਕੈਂਪ ਨੇ ਥਾਣਾ ਸਿਟੀ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ 4 ਜੂਨ ਦੀ ਰਾਤ ਨੂੰ ਊਸ ਦੇ ਲੜਕੇ ਲਲਿਤ ਕੁਮਾਰ ਨੂੰ ਪਿੰਡ ਦੇ ਵਸਨੀਕ ਬਿੱਟੂ, ਸੰਨੀ, ਦਰਸ਼ਨ ਕੁਮਾਰ, ਸੰਜੇ, ਸੂਰਜ, ਅਰਜਨ, ਅਮਨ ਅਤੇ ਡੇਲੂ ਵਾਸੀ ਨਲਾਸ ਰੋਡ ਰਾਜਪੁਰਾ ਘਰ ਤੋਂ ਬੁਲਾ ਕੇ ਲੈ ਗਏ ਜੋ ਮੁੜ ਘਰ ਨਹੀਂ ਪਰਤਿਆ। ਡੀ.ਐੱਸ.ਪੀ ਨੇ ਦੱਸਿਆ ਕਿ ਪੁਲੀਸ ਵੱਲੋਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਅਤੇ ਬੱਸ ਅੱਡਾ ਚੌਕੀ ਇੰਚਾਰਜ ਸੌਰਵ ਦੀ ਅਗਵਾਈ ਹੇਠ ਟੀਮ ਬਣਾ ਕੇ ਜਾਂਚ ਕੀਤੀ ਗਈ ਜਿਸ ਦੌਰਾਨ ਖੁਲਾਸਾ ਹੋਇਆ ਕਿ ਕੁਝ ਸਮਾਂ ਪਹਿਲਾ ਮੁਲਜ਼ਮ ਸੂਰਜ ਦੀ ਭੈਣ ਦੀ ਇੱਕ ਇਤਰਾਜ਼ਯੋਗ ਵੀਡਿੳ ਲਲਿਤ ਕੁਮਾਰ ਨੇ ਵਾਇਰਲ ਕੀਤੀ ਸੀ। ਇਸ ਸਬੰਧੀ ਦੋਵੇਂ ਧਿਰਾਂ ਦਰਮਿਆਨ ਸਮਝੌਤਾ ਹੋ ਗਿਆ ਸੀ ਪ੍ਰੰਤੂ ਇਸੇ ਰੰਜਿਸ਼ ਕਰ ਕੇ ਸੂਰਜ, ਦਰਸ਼ਨ ਕੁਮਾਰ ਅਤੇ ਸੰਜੇ 4 ਜੂਨ ਦੇਰ ਰਾਤ ਨੂੰ ਲਲਿਤ ਨੂੰ ਘਰੋਂ ਬੁਲਾ ਕੇ ਹੌਂਡਾ ਐਕਟਿਵਾ ਉਪਰ ਬਿਠਾ ਨਰਵਾਣਾ ਬ੍ਰਾਂਚ ਨਹਿਰ ਦੀ ਪਟੜੀ ਤੇ ਲੈ ਗਏ ਜਿਥੇ ਉਨ੍ਹਾਂ ਲਲਿਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ। ਸ੍ਰੀ ਔਲਖ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਅੱਜ ਸਵੇਰੇ ਨਰਵਾਣਾ ਨਹਿਰ ਦੇ ਜਨਸੂਈ ਹੈੱਡ ਤੋਂ ਬਰਾਮਦ ਹੋ ਗਈ ਹੈ ਜਿਸ ਦਾ ਡਾਕਟਰਾਂ ਦੇ ਬੋਰਡ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲੀਸ ਨੇ ਸੂਰਜ, ਦਰਸ਼ਨ ਕੁਮਾਰ ਅਤੇ ਸੰਜੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।