ਸਰਬਜੀਤ ਸਿੰਘ ਭੱਟੀ
ਲਾਲੜੂ, 7 ਜੂਨ
ਪਿੰਡ ਨਗਲਾ ਵਿਚ ਨਕਲੀ ਬੀਜ ਕਾਰਨ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਐਨਕੇ ਸ਼ਰਮਾ ਨੇ ਕਿਹਾ ਕਿ ਸਰਕਾਰੀ ਸਰਪ੍ਰਸਤੀ ਹੇਠ ਬੀਜ ਸਕੈਂਡਲ ਵਿਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ ਜਦੋਂਕਿ ਸਰਕਾਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਨਗਲਾ ਦੇ ਇਕ ਕਿਸਾਨ ਨੇ ਇੱਕ ਖੇਤ ’ਚ ਪੁਰਾਣੇ ਕਿਸਮ ਪੀ.ਆਰ.-126 ਦਾ ਬੀਜ ਪਾਇਆ ਤੇ ਦੂਜੇ ਖੇਤ ਵਿਚ ਪੀ.ਆਰ.-128 ਕਿਸਮ ਦਾ ਬੀਜ ਪਾਇਆ ਸੀ। ਪੁਰਾਣੇ ਬੀਜ ਦੀ ਪਨੀਰੀ ਤਿਆਰ ਹੋ ਗਈ ਹੈ ਜਦੋਂਕਿ ਪੀ.ਆਰ-128 ਦਾ ਬੀਜ ਧਰਤੀ ਵਿਚ ਹੀ ਕਾਲਾ ਪੈ ਕੇ ਖ਼ਰਾਬ ਹੋ ਗਿਆ। ਕਿਸਾਨ ਨੇ ਇਹ ਬੀਜ ਕਰਨਾਲ ਸੀਡ ਸਟੋਰ ਤੋਂ ਮਹਿੰਗੇ ਭਾਅ ਖ਼ਰੀਦਿਆ ਸੀ।