ਨਵਕਿਰਨ ਸਿੰਘ
ਮਹਿਲ ਕਲਾਂ, 23 ਜੁਲਾਈ
ਪੰਜਾਬ ਅਤੇ ਯੂਟੀ ਮਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ’ਤੇ ਮਹਿਲ ਕਲਾਂ ਵਿੱਚ ਸਰਕਾਰ ਖਿਲਾਫ਼ ਮੁਲਾਜ਼ਮਾਂ ਵੱਲੋਂ ਘੜਾ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਵੱਲੋਂ ਕੇਂਦਰੀ ਪੈਟਰਨ ’ਤੇ ਕੀਤੀ ਜਾ ਰਹੀ ਨਵੀਂ ਭਰਤੀ ਦਾ ਵਿਰੋਧ ਕਰਦਿਆਂ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਝੁਨੀਰ, (ਜੀਵਨ ਸਿੰਘ ਕ੍ਰਾਂਤੀ): ਪੰਜਾਬ ਦੀ ਨਵੀਂ ਭਰਤੀ ਅਧੀਨ ਮੁਲਾਜ਼ਮਾਂ ’ਤੇ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਨੂੰ ਲੈ ਕੇ ਅਤੇ ਕੱਚੇ ਕਾਮਿਆਂ ਨੂੰ ਪੱਕਾ ਕਰਨ, ਜਾਮ ਕੀਤੇ ਡੀਏ ਦੀ ਕਿਸ਼ਤ ਦੇਣ ਅਤੇ ਹੋਰ ਮੰਗਾਂ ਦੇ ਸਬੰਧ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਬੀਡੀਪੀਓ ਦਫ਼ਤਰ ਝੁਨੀਰ ਵਿਚ ਘੜਾ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਆਗੂ ਗੁਰਪ੍ਰੀਤ ਸਿੰਘ ਦਲੇਲਵਾਲਾ, ਬਲਵਿੰਦਰ ਸਿੰਘ ਉੱਲਕ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਸੱਤਾ ਵਿੱਚ ਆਉਣ ਲਈ ਪੰਜਾਬ ਸਰਕਾਰ ਨੇ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਹੁਣ ਨੌਕਰੀਆਂ ਦੇਣ ਦੀ ਥਾਂ ਪਹਿਲਾਂ ਤੋਂ ਭਰਤੀ ਅਤੇ ਨਵੇਂ ਭਰਤੀ ਹੋਣ ਵਾਲਿਆਂ ਦੀਆਂ ਤਨਖ਼ਾਹਾਂ ’ਤੇ ਭਾਰੀ ਕੱਟ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਹ ਕੇਂਦਰੀ ਤਨਖ਼ਾਹ ਸਕੇਲ ਨੀਤੀ ਦਾ ਪੁਰਜ਼ੋਰ ਵਿਰੋਧ ਕਰਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਸਰਕਾਰ ਵੱਲੋਂ ਲਏ ਜਾ ਰਹੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਨੂੰ ਲਾਗੂ ਨਾ ਕੀਤਾ ਜਾਵੇ।
ਸ਼ਹਿਣਾ, (ਪ੍ਰਮੋਦ ਸਿੰਗਲਾ): ਪੰਜਾਬ ਅਤੇ ਯੂਟੀ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪੀਐੱਸਐੱਸਐੱਫ ਅਤੇ ਪੰਜਾਬ ਫੀਲਡ ਵਰਕਸ਼ਾਪ ਯੂਨੀਅਨ ਬਲਾਕ ਸ਼ਹਿਣਾ ਵੱਲੋਂ ਕੈਪਟਨ ਸਰਕਾਰ ਵੱਲੋਂ ਨਵੀ ਭਰਤੀ ’ਤੇ ਕੇਂਦਰੀ ਪੈਟਰਨ ਲਾਗੂ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਖਿਲਾਫ਼ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਖਿਲਾਫ਼ ਰੋਸ ਮੁਜ਼ਾਹਰਾ ਅਤੇ ਮਟਕਾ ਤੋੜ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਚਮਕੌਰ ਸਿੰਘ ਕੈਰੇ, ਨਿਰਮਲ ਸਿੰਘ ਸ਼ਹਿਣਾ, ਮੋਹਨ ਸਿੰਘ ਟੱਲੇਵਾਲ, ਨਾਇਬ ਸਿੰਘ ਵਿਧਾਤੇ, ਮਹਿੰਦਰ ਸਿੰਘ ਜੈਮਲ ਸਿੰਘ ਵਾਲਾ ਆਦਿ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮ ਮਾਰੂ ਫ਼ੈਸਲੇ ਲੈਣੇ ਬੰਦ ਕਰੇ ਨਹੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।