ਪੱਤਰ ਪ੍ਰੇਰਕ
ਟੱਲੇਵਾਲ, 19 ਜੂਨ
ਪਿੰਡ ਵਿਧਾਤਾ ਵਿੱਚ ਦੇਰ ਰਾਤ ਅੱਗ ਲੱਗਣ ਨਾਲ 100 ਦੇ ਕਰੀਬ ਦਰੱਖਤ ਨੁਕਸਾਨੇ ਗਏ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਵਿਧਾਤਾ ਦੇ ਡੇਰੇ ਨੇੜੇ ਨਹਿਰ ਅਤੇ ਰਜਵਾਹੇ ਵਿਚਕਾਰ ਦਰੱਖਤਾਂ ਨੂੰ ਭਿਆਨਕ ਅੱਗ ਲੱਗ ਗਈ। ਜਿਸਨੂੰ ਬੁਝਾਉਣ ਲਈ ਨੇੜਲੇ ਪਿੰਡ ਟੱਲੇਵਾਲ ਦੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਇਸ ਸਬੰਧੀ ਲੋਕ ਸੇਵਾ ਕਲੱਬ ਟੱਲੇਵਾਲ ਦੇ ਪ੍ਰਧਾਨ ਅਮਨਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਗ ਕਿਸੇ ਸ਼ਰਾਰਤੀ ਅਨਸਰ ਵਲੋਂ ਲਗਾਈ ਗਈ ਜਾਪਦੀ ਹੈ ਕਿਉਂਕਿ ਥੋੜ੍ਹੇ-ਥੋੜ੍ਹੇ ਫ਼ਾਸਲੇ ’ਤੇ ਤਿੰਨ ਚਾਰ ਜਗ੍ਹਾ ’ਤੇ ਅੱਗ ਲੱਗੀ ਹੋਈ ਸੀ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂਂ ਦੱਸਿਆ ਕਿ ਅੱਗ ਕਾਰਨ ਨਵੇਂ ਲਗਾਏ ਸਾਰੇ ਬੂਟੇ ਮੱਚ ਗਏ। ਵੱਡੇ ਦਰੱਖਤਾਂ ਨੂੰ ਵੀ ਨੁਕਸਾਨ ਪੁੱਜਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਦਰੱਖਤਾਂ ’ਤੇ ਰਹਿੰਦੇ ਵੱਡੀ ਗਿਣਤੀ ਵਿੱਚ ਪੰਛੀ ਵੀ ਸੜ ਗਏ ਹਨ। ਉਹਨਾਂ ਕਿਹਾ ਕਿ ਅੱਗ ਬੁਝਾਉਣ ਦੀ ਜਿੰਮੇਵਾਰੀ ਸਬੰਧਤ ਵਿਭਾਗ ਦੀ ਬਣਦੀ ਹੈ, ਪਰ ਕੋਈ ਅਧਿਕਾਰੀ ਨਹੀਂ ਪਹੁੰਚਿਆ। ਜੰਗਲਾਤ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਅਜੀਤ ਸਿੰਘ ਨੇ ਕਿਹਾ ਕਿ ਅੱਗ ਦੀ ਘਟਨਾ ਦਾ ਪਤਾ ਲਗਾ ਕੇ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।