ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜੂਨ
ਜਮਾਲਪੁਰ ਦੇ ਭਾਮੀਆਂ ਰੋਡ ਸਥਿਤ ਜੀਕੇ ਸਟੇਟ ਦੇ ਰਹਿਣ ਵਾਲੇ ਕਰਿਆਨਾ ਦੁਕਾਨ ਮਾਲਕ ਦੀ ਲਾਸ਼ ਚਾਰ ਦਿਨ ਬਾਅਦ ਘਰ ’ਚੋਂ ਬਰਾਮਦ ਹੋਈ ਹੈ। ਸ਼ੁੱਕਰਵਾਰ ਦੀ ਸਵੇਰੇ ਇਲਾਕੇ ’ਚ ਬਦਬੂ ਫੈਲੀ ਤਾਂ ਇਸ ਗੱਲ ਦਾ ਗੁਆਂਢੀਆਂ ਨੂੰ ਪਤਾ ਲੱਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਵਿਅਕਤੀ ਦਾ ਕਤਲ ਕਰਨ ਮਗਰੋਂ ਲਾਸ਼ ਘਰ ’ਚ ਸੁੱਟੀ ਗਈ ਹੈ। ਸੂਚਨਾ ਮਿਲਦਿਆਂ ਹੀ ਥਾਣਾ ਜਮਾਲਪੁਰ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸੁਸ਼ੀਲ ਸਿੰਗਲਾ ਵਜੋਂ ਹੋਈ ਹੈ। ਪੁਲੀਸ ਅਨੁਸਾਰ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੁਸ਼ੀਲ ਦੀ ਕਰਿਆਨੇ ਦੀ ਦੁਕਾਨ ਹੈ, ਜੋ ਘਰ ਦੇ ਬਾਹਰ ਹੀ ਹੈ। ਉਹ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਉਸ ਦਾ ਆਪਣੀ ਪਤਨੀ ਸੋਨੂੰ ਸਿੰਗਲਾ ਨਾਲ ਝਗੜਾ ਰਹਿੰਦਾ ਸੀ। 10 ਦਿਨ ਪਹਿਲਾਂ ਸੁਸ਼ੀਲ ਨੇ ਆਪਣੀ ਪਤਨੀ ਤੇ 13 ਸਾਲ ਦੀ ਲੜਕੀ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਸੀ। ਸੋਨੂੰ ਮੋਤੀ ਨਗਰ ’ਚ ਰਹਿਣ ਵਾਲੇ ਆਪਣੇ ਭਰਾ ਕੋਲ ਹੀ ਰਹਿ ਰਹੀ ਸੀ। ਦੋਵੇਂ ਪਤੀ-ਪਤਨੀ ਵਿਚਕਾਰ ਥਾਣੇ ’ਚ ਦਰਖਾਸਤਾਂ ਵੀ ਚੱਲ ਰਹੀਆਂ ਹਨ, ਜਿਸ ਕਾਰਨ ਦੋਵਾਂ ਨੇ ਇਕ ਦੂਸਰੇ ਨੂੰ ਫੋਨ ਨਹੀਂ ਕੀਤਾ। ਪਿਛਲੇ ਚਾਰ ਦਿਨ ਤੋਂ ਸੁਸ਼ੀਲ ਨੇ ਦੁਕਾਨ ਨਹੀਂ ਖੋਲ੍ਹੀ ਸੀ ਤੇ ਨਾ ਹੀ ਘਰ ਤੋਂ ਵੀ ਬਾਹਰ ਨਿਕਲਿਆ ਸੀ।
ਸੁਸ਼ੀਲ ਦਾ ਸੁਭਾਅ ਝਗੜਾਲੂ ਹੋਣ ਕਾਰਨ ਗੁਆਂਢੀਆਂ ਨੇ ਵੀ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਸਵੇਰੇ ਸੁਸ਼ੀਲ ਦੇ ਘਰ ਤੋਂ ਅਚਾਨਕ ਬਦਬੂ ਆਉਣ ਲੱਗੀ ਤਾਂ ਲੋਕਾਂ ਨੇ ਸੁਸ਼ੀਲ ਦੀ ਪਤਨੀ ਨੂੰ ਫੋਨ ਕੀਤਾ ਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ।