ਧਨਾਢ ਅਤੇ ਸਰਕਾਰ
30 ਜੂਨ ਨੂੰ ਇੰਜ. ਭੁਪਿੰਦਰ ਸਿੰਘ ਦਾ ਲੇਖ ‘ਬਿਜਲੀ ਸੋਧ ਸੰਕਟ ਤੇ ਖੇਤੀ ਸਬਸਿਡੀ ਸਕੀਮ: ਕੁਝ ਅਹਿਮ ਨੁਕਤੇ’ ਪੜ੍ਹਿਆ। ਇਸ ਵਿਚ ਸਰਕਾਰ ਦੇ ਲੁਕਵੇਂ ਏਜੰਡੇ ਬਾਰੇ ਗੱਲ ਕੀਤੀ ਗਈ ਹੈ ਜੋ ਆਮ ਲੋਕਾਂ ਦੇ ਖ਼ਿਲਾਫ਼ ਭੁਗਤਣ ਦਾ ਖ਼ਦਸ਼ਾ ਹੈ। ਇਹੀ ਨਹੀਂ, ਆਮ ਆਦਮੀ ਤੋਂ ਇਲਾਵਾ ਕਿਸਾਨ ਜਿਹੜੇ ਪਹਿਲਾਂ ਹੀ ਕਰਜ਼ੇ ਹੇਠ ਆਏ ਹੋਏ ਹਨ, ਇਸ ਤੋਂ ਹੋਰ ਜ਼ਿਆਦਾ ਪ੍ਰਭਾਵਿਤ ਹੋਣਗੇ। ਅਸਲ ਵਿਚ ਮੌਜੂਦਾ ਕੇਂਦਰ ਸਰਕਾਰ ਅਡਾਨੀ/ਅੰਬਾਨੀ ਵਰਗੇ ਧਨਾਢਾਂ ਨੂੰ ਨਕਦੀ ਫਾਇਦਾ ਪਹੁੰਚਾਉਣ ਲਈ ਇਹ ਸਾਰਾ ਢਕਵੰਜ ਕਰ ਰਹੀ ਹੈ। ਬਦਲੇ ਵਿਚ ਉਹ ਸੱਤਾਧਾਰੀਆਂ ਨੂੰ ਫਾਇਦਾ ਦੇਣਗੇ। ਅਗਾਂਹ ਇਹੀ ਪੈਸਾ ਸੱਤਾਧਾਰੀਆਂ ਵੱਲੋਂ ਫਿਰ ਕਥਿਤ ਤੌਰ ’ਤੇ ਮੀਡੀਆ ਨੂੰ ਖ਼ਰੀਦਣ ਲਈ ਵਰਤਿਆ ਜਾਵੇਗਾ ਤੇ ਇਹ ਸਿਲਸਿਲਾ ਇਵੇਂ ਹੀ ਚੱਲਦਾ ਰਹੇਗਾ। ਗ਼ੈਰ-ਭਾਜਪਾ ਸੂਬਾ ਸਰਕਾਰਾਂ ਨੂੰ ਬਿਜਲੀ ਬਿੱਲ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ।
ਕ੍ਰਿਸ਼ਨ ਕੁਮਾਰ, ਚੰਡੀਗੜ੍ਹ
ਨਸ਼ਿਆਂ ਦੀ ਮਾਰ
1 ਜੁਲਾਈ ਨੂੰ ਪੰਨਾ 4 ਉੱਤੇ ਛਪੀ ਰਿਪੋਰਟ ‘ਨਸ਼ਿਆਂ ਨੇ ਬਲਜੀਤ ਕੌਰ ਨੂੰ ਦੋ ਵਾਰ ਵਿਧਵਾ ਬਣਾਇਆ’ ਪੜ੍ਹੀ। ਨਸ਼ਿਆਂ ਨੇ ਨੌਜਵਾਨੀ ਰੋਲ਼ ਕੇ ਰੱਖ ਦਿੱਤੀ ਹੈ। ਸਭ ਨੂੰ ਇਸ ਦੇ ਹੱਲ ਲਈ ਹੰਭਲਾ ਮਾਰਨ ਦੀ ਲੋੜ ਹੈ। ਇਹ ਰਿਪੋਰਟ ਔਰਤਾਂ, ਖ਼ਾਸ ਤੌਰ ’ਤੇ ਲਾਚਾਰ ਔਰਤਾਂ ਬਾਰੇ ਕੁਝ ਲੋਕਾਂ ਦੀ ਮਾੜੀ ਮਾਨਸਿਕਤਾ ਵੀ ਦਰਸਾਉਂਦੀ ਹੈ। ਅਜਿਹੇ ਹਾਲਾਤ ’ਚ ਸਵੈ-ਨਿਰਭਰ ਹੋ ਕੇ ਆਪਣੀ ਜ਼ਿੰਦਗੀ ਦੀ ਵਾਗਡੋਰ ਖ਼ੁਦ ਸੰਭਾਲਣ ਤੋਂ ਬਿਨਾਂ ਔਰਤਾਂ ਕੋਲ ਕੋਈ ਹੋਰ ਚਾਰਾ ਨਹੀਂ। ਸੁਖਪਾਲ ਬੀਰ ਜਰਨਲਿਸਟ ਦਾ ਮਿਡਲ ‘ਬੂਟਿਆਂ ਵਾਲੇ ਗ਼ਮਲੇ ਤੇ ਨਜ਼ਰਬੱਟੂ’ ਸੱਚਾਈ ’ਤੇ ਆਧਾਰਿਤ ਰਚਨਾ ਹੈ। ਪੁਰਾਤਨ ਵਿਸ਼ਵਾਸਾਂ ਨੂੰ ਇਕਲਖਤ ਖ਼ਤਮ ਕਰਨਾ ਸੰਭਵ ਨਹੀਂ ਪਰ ਆਧੁਨਿਕ ਸੋਚ ਆਸਰੇ ਘਰ ’ਚ ਕਲੇਸ਼ ਕਰਨਾ ਵੀ ਵਾਜਬਿ ਨਹੀਂ। ਫਿਰ ਵੀ ਨੌਜਵਾਨਾਂ ਨੂੰ ਆਪਣੀ ਗੱਲ ਪਰਿਵਾਰ ’ਚ ਰੱਖਣ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ; ਤਾਂ ਹੀ ਤਬਦੀਲੀ ਦੀ ਉਮੀਦ ਕੀਤੀ ਜਾ ਸਕਦੀ ਹੈ।
ਸੁਰਿੰਦਰ ਕੁਮਾਰ ਜਿੰਦਲ, ਮੁਹਾਲੀ
ਘਰ ਘਰ ਦੀ ਕਹਾਣੀ
1 ਜੁਲਾਈ ਨੂੰ ਸੁਖਪਾਲ ਬੀਰ ਦਾ ਲੇਖ ‘ਗ਼ਮਲਿਆਂ ਵਾਲੇ ਬੂਟੇ ਤੇ ਨਜ਼ਰਬੱਟੂ’ ਪੜ੍ਹਿਆ। ਮਹਿਸੂਸ ਹੋਇਆ, ਇਹ ਕਿਸੇ ਇਕ ਦੇ ਘਰ ਦੀ ਕਹਾਣੀ ਨਹੀਂ ਸਗੋਂ ਘਰ ਘਰ ਦੀ ਕਹਾਣੀ ਹੈ। ਲੋਕਾਂ ਦਾ ਅੰਧਵਿਸ਼ਵਾਸ ’ਤੇ ਇੰਨਾ ਵਿਸ਼ਵਾਸ ਹੈ ਕਿ ਕਹਿਣ ਦੀ ਕੋਈ ਹੱਦ ਨਹੀਂ। ਗੱਡੀਆਂ, ਮੋਟਰਾਂ ਦੇ ਪਿੱਛੇ ਮੋਟੇ ਮੋਟੇ ਅੱਖਰਾਂ ਵਿਚ ਲਿਖਿਆ ਪੜ੍ਹਨ ਨੂੰ ਆਮ ਹੀ ਮਿਲਦਾ ਹੈ: ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਕੋਈ ਬਿੱਲੀ ਕਿਧਰੇ ਜਾਂਦੇ ਸਮੇਂ ਅੱਗੇ ਆ ਜਾਵੇ ਤਾਂ ਕਈ ਤਾਂ ਉਸੇ ਸਮੇਂ ਵਾਪਸ ਘਰ ਨੂੰ ਮੁੜ ਜਾਂਦੇ ਹਨ ਕਿ ਅਪਸ਼ਗਨ ਹੋ ਗਿਆ ਹੈ। ਸਾਡਾ ਸਮਾਜ ਜਿੰਨਾ ਪੜ੍ਹਦਾ ਜਾ ਰਿਹਾ ਹੈ, ਓਨਾ ਹੀ ਅੰਧਵਿਸ਼ਵਾਸ ਵਿਚ ਫਸ ਰਿਹਾ ਹੈ। ਨਵੀਂ ਪੀੜ੍ਹੀ ਨੂੰ ਅਜਿਹੇ ਫ਼ੋਕੇ ਵਹਿਮਾਂ ਭਰਮਾਂ ਵਿਚੋਂ ਬਾਹਰ ਨਿਕਲਣ ਦੀ ਜ਼ਰੂਰਤ ਹੈ।
ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)
(2)
ਸੁਖਪਾਲ ਬੀਰ ਦਾ ਮਿਡਲ ‘ਗ਼ਮਲਿਆਂ ਵਾਲੇ ਬੂਟੇ ਤੇ ਨਜ਼ਰਬੱਟੂ’ ਪੜ੍ਹ ਕੇ ਲੱਗਿਆ, ਜਿਵੇਂ ਸਭ ਘਰਾਂ ਦਾ ਇਹੋ ਹਾਲ ਹੈ। ਸਾਡਾ ਘਰ ਤਿਆਰ ਹੋ ਰਿਹਾ ਸੀ, ਜਦ ਕਿਸੇ ਦਿਨ ਕੰਮ ਕਿਸੇ ਕਾਰਨ ਰੁਕ ਜਾਂਦਾ ਤਾਂ ਪਾਪਾ ਨੂੰ ਇਹੋ ਹੁੰਦਾ ਕਿ ਨਜ਼ਰ ਲੱਗ ਗਈ ਹੈ। ਮਨ੍ਹਾ ਕਰਨ ਦੇ ਬਾਵਜੂਦ ਉਨ੍ਹਾਂ ਡਰਾਵਣਾ ਨਜ਼ਰਬੱਟੂ ਲਿਆ ਕੇ ਲਗਾ ਦਿੱਤਾ। ਕੋਈ ਆਪਣੇ ਘਰ ਅੱਗੇ ਅਤੇ ਮੱਝਾਂ ਦੇ ਗਲਾਂ ਵਿਚ ਪੁਰਾਣੀ ਜੁੱਤੀ ਟੰਗ ਦਿੰਦੇ ਹਨ। ਅਜਿਹੇ ਅੰਧ ਵਿਸ਼ਵਾਸ ਸਾਨੂੰ ਅੱਗੇ ਨਹੀਂ ਵਧਣ ਦਿੰਦੇ। ਬੂਟੇ ਘਰ ਦੀ ਖੁਸ਼ੀ ਹੁੰਦੇ ਹਨ, ਬੂਟੇ ਅਤੇ ਨਜ਼ਰਬੱਟੂ ਦਾ ਆਪਸ ਵਿਚ ਕੋਈ ਮੇਲ ਨਹੀਂ।
ਨਵਜੀਤ ਨੂਰ, ਹਮੀਦੀ (ਬਰਨਾਲਾ)
(3)
ਅੰਧਵਿਸ਼ਵਾਸਾਂ ਨੇ ਅੱਜ ਦੇ ਮਨੁੱਖ ਨੂੰ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਹੈਰਾਨੀ ਹੁੰਦੀ ਹੈ ਕਿ 21ਵੀਂ ਸਦੀ ਵਿਚ ਵੀ ਪੰਜਾਬ/ਭਾਰਤ ਦੇ ਲੋਕ ਇਹ ਹਨੇਰਾ ਢੋਅ ਰਹੇ ਹਨ। ਸਰਕਾਰਾਂ ਵੀ ਇਨ੍ਹਾਂ ਦੇ ਖਾਤਮੇ ਲਈ ਕੁਝ ਨਹੀਂ ਕਰ ਰਹੀਆਂ ਬਲਕਿ ਦੇਖਣ ਵਿਚ ਆਇਆ ਹੈ ਕਿ ਸਾਡੇ ਕੇਂਦਰੀ ਮੰਤਰੀ ਅਤੇ ਸੱਤਾਧਾਰੀ ਆਗੂ ਤਾਂ ਸਗੋਂ ਅਜਿਹੇ ਅੰਧਵਿਸ਼ਵਾਸਾਂ ਨੂੰ ਹਵਾ ਦੇਣ ਵਰਗੀਆਂ ਕਾਰਵਾਈਆਂ ਕਰ ਰਹੇ ਹਨ।
ਜਸਵੰਤ ਕੌਰ, ਕਪੂਰਥਲਾ
ਔਰਤਾਂ ਨੂੰ ਆਪ ਅੱਗੇ ਆਉਣਾ ਪਵੇਗਾ
30 ਜੂਨ ਦੇ ਲੋਕ ਸੰਵਾਦ ਪੰਨੇ ’ਤੇ ਸੁਕੀਰਤ ਦਾ ਲੇਖ ‘ਔਰਤ ਦੀ ਗੱਲ ਸੁਣਨ ਲਈ ਅਸੀਂ ਤਿਆਰ ਕਿਉਂ ਨਹੀਂ’ ਪੜ੍ਹਿਆ ਜੋ ਆਪਣੇ ਆਪ ’ਚ ਡੂੰਘੇਰੇ ਵਿਸ਼ਲੇਸ਼ਣ ਦੀ ਮੰਗ ਕਰਦਾ ਹੈ ਕਿ ਕਿਵੇਂ ਪੜ੍ਹੀਆਂ-ਲਿਖੀਆਂ ਔਰਤਾਂ ਘਰੇਲੂ ਹਿੰਸਾ ਦਾ ਸ਼ਿਕਾਰ ਹੋ ਕੇ ਤਾ-ਉਮਰ ਡੂੰਘੇ ਜ਼ਖ਼ਮਾਂ ਦੀ ਚੀਸ ਝੱਲਦੀਆਂ ਹਨ। ਇਸ ਲੇਖ ਵਿਚ ਔਰਤਾਂ ਨੂੰ ਆਪਣੇ ਨਾਲ ਹੁੰਦੀ ਹਿੰਸਾ ਪ੍ਰਤੀ ਸੁਚੇਤ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸੇ ਦਿਨ ਪਰਮਜੀਤ ਮਾਨ ਦਾ ਮਿਡਲ ‘ਪਹਿਲੀ ਸਮਾਜ ਸੇਵਾ’ ਪੜ੍ਹਿਆ। ਇਹ ਲੇਖ ਪੜ੍ਹ ਕੇ ਉਨ੍ਹਾਂ ਅਧਿਆਪਕਾਂ ਨੂੰ ਸਿਜਦਾ ਹੈ ਜੋ ਬੱਚਿਆਂ ਦੇ ਮਨਾਂ ਅੰਦਰ ਸਮਾਜਿਕ ਕਦਰਾਂ-ਕੀਮਤਾਂ ਦੇ ਨਾਲ ਨਾਲ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹਨ।
ਕਮਲਜੀਤ ਕੌਰ ਸਰਾਂ, ਮੁੱਲਾਂਪੁਰ
ਵੰਡ ਦੇ ਦੁਖੜੇ
27 ਜੂਨ ਦੇ ਸਤਰੰਗ ’ਚ 47 ’ਚ ਵਰ੍ਹੀ ਅੱਗ ਦਾ ਸੇਕ ਪਿੰਡੇ ਹੰਡਾ ਚੁੱਕੇ ਪੰਡਿਤ ਰਾਜਾ ਰਾਮ ਦੁਆਲੇ ਘੁੰਮਦੀ ਸਾਂਵਲ ਧਾਮੀ ਦੀ ਰਚਨਾ ਪੜ੍ਹੀ। ਪਹਿਲਾਂ ਵੀ ਅਨੇਕਾਂ ਲੇਖਕ ਅਸਹਿ ਵਾਕਿਆ ਦੇ ਹਵਾਲੇ ਨਾਲ ਮੁਲਕਾਂ ਦੀ ਵੰਡ ਅਤੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕਰ ਚੁੱਕੇ ਪਰ ਵਰ੍ਹਿਆਂ ਤੋਂ ਕਈ ਸੰਸਥਾਵਾਂ ਵੱਲੋਂ ਸਰਹੱਦਾਂ ’ਤੇ ਅਮਨ ਦੇ ਦੀਵੇ ਜਗਾਉਣ ਦੇ ਬਾਵਜੂਦ ਚਾਨਣ ਹੁੰਦਾ ਨਹੀਂ ਜਾਪਦਾ! ਅੱਜ ਵੀ ਮਾੜੇ ਵਕਤ ਦੇ ਥਪੇੜੇ ਝੱਲਦੇ ਨੂਰੇ ਤੋਂ ਨੂਰਦੀਨ ਬਣੇ ਅਨੇਕਾਂ ਨੂਰੇ ਮੁੱਠੀ ਭਰ ਮਿੱਟੀ ਦੀ ਆਸ ਲਾਈ ਨਮ ਅੱਖਾਂ ਨਾਲ ਏਧਰੋਂ ਗਏ ਜਥਿਆਂ ਵਿਚੋਂ ਕਿਸੇ ਆਪਣੇ ਨੂੰ ਲੱਭਦੇ ਫਿਰਦੇ ਹਨ।
ਜਗਦੀਸ਼ ਸਿੰਘ ਜੱਗੀ, ਚੰਡੀਗੜ੍ਹ