ਗਗਨਦੀਪ ਅਰੋੜਾ
ਲੁਧਿਆਣਾ, 6 ਜੂਨ
ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇੇ ਹਿੰਦੂ ਅਤੇ ਸਿੱਖ ਆਗੂਆਂ ’ਤੇ ਲੁਧਿਆਣਾ ਪੁਲੀਸ ਵੱਲੋਂ ਕਾਫ਼ੀ ਸਖ਼ਤੀ ਵਰਤੀ ਗਈ। ਸ਼ਹਿਰ ਦਾ ਮਾਹੌਲ ਖਰਾਬ ਹੋਣ ਦੇ ਡਰੋਂ ਪੁਲੀਸ ਨੇ ਹਿੰਦੂ ਤੇ ਸਿੱਖ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰ ਦਿੱਤਾ। ਹਿੰਦੂ ਆਗੂਆਂ ਨੇ ਆਪਣੇ ਘਰਾਂ ’ਚ ਹੀ ਅਤਿਵਾਦ ਦਾ ਸਫ਼ਾਇਆ ਕਰਨ ਵਾਲਿਆਂ ਦੀ ਪੂਜਾ ਕੀਤੀ, ਜਦੋਂ ਕਿ ਸਿੱਖ ਆਗੂਆਂ ਨੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਪੁਲੀਸ ਵੱਲੋਂ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਨੂੰ ਅੱਜ ਸਵੇਰੇ ਘਰ ਤੋਂ ਹੀ ਬਾਹਰ ਨਹੀਂ ਨਿਕਲਣ ਦਿੱਤਾ, ਜਦੋਂ ਕਿ ਸ਼ਿਵ ਸੈਨਾ ਨੇਤਾ ਗੋਰਾ ਥਾਪਰ ਨੇ ਸਾਥੀਆਂ ਨਾਲ ਮਿਲ ਕੇ ਘਰ ’ਚ ਹਵਨ ਯੱਗ ਕਰਵਾ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੂੰ ਪੁਲੀਸ ਨੇ ਸੜਕ ’ਤੇ ਕਾਬੂ ਕਰ ਉਨ੍ਹਾਂ ਨੂੰ ਘਰ ’ਚ ਨਜ਼ਰਬੰਦ ਕਰ ਦਿੱਤਾ। ਪੁਲੀਸ ਵੱਲੋਂ ਅਕਾਲਗੜ੍ਹ ਮਾਰਕੀਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਨੂੰ ਵੀ ਉਨ੍ਹਾਂ ਦੀ ਦੁਕਾਨ ’ਚ ਨਜ਼ਰਬੰਦ ਕਰ ਦਿੱਤਾ ਗਿਆ। ਸ਼ਿਵ ਸੈਨਾ ਆਗੂ ਰਾਜੀਵ ਟੰਡਨ ਨੇ ਦੱਸਿਆ ਕਿ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਸਨ, ਪਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਘਰ ’ਚ ਹੀ ਨਜ਼ਰਬੰਦ ਕਰ ਦਿੱਤਾ। ਗੁਰਦੀਪ ਗੋਸ਼ਾ ਨੇ ਕਿਹਾ ਕਾਂਗਰਸ ਘੱਲੂਘਾਰਾ ਦਿਵਸ ਮੌਕੇ ਵਿਰੋਧ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਏਡੀਸੀਪੀ-1 ਦੀਪਕ ਪਾਰਿਕ ਨੇ ਦੱਸਿਆ ਕਿ ਸ਼ਹਿਰ ’ਚ ਕਈ ਥਾਈਂ ਪੁਲੀਸ ਤਾਇਨਾਤ ਕੀਤੀ ਗਈ ਸੀ।
ਭਾਜਪਾ ਸੂਬਾ ਪ੍ਰਧਾਨ ਵੱਲੋਂ ਜੱਥੇਦਾਰ ਦਾ ਬਿਆਨ ਮੰਦਭਾਗਾ ਕਰਾਰ
ਪਠਾਨਕੋਟ (ਪੱਤਰ ਪ੍ਰੇਰਕ): ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਘੱਲੂਘਾਰਾ ਦਿਵਸ ਸਮਾਗਮ ਸਮੇਂ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਦੇ ਸਬੰਧ ’ਚ ਦਿੱਤੇ ਗਏ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਊਨ੍ਹਾਂ ਕਿਹਾ ਕਿ ਸਿਰਫ ਪੰਜਾਬੀ ਹੀ ਨਹੀਂ ਬਲਕਿ ਦੇਸ਼ ਦੇ ਕਰੋੜਾਂ ਲੋਕ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਹੋਏ ਹਨ। ਇਸ ਕਰ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਮਹਾਨ ਤਖ਼ਤ ਦੇ ਜੱਥੇਦਾਰ ਹੋਣ ਦੇ ਨਾਤੇ ਅਜਿਹਾ ਕੋਈ ਬਿਆਨ ਨਹੀਂ ਦੇਣਾ ਚਾਹੀਦਾ ਸੀ ਜੋ ਏਕਤਾ ਤੇ ਭਾਈਚਾਰੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੋਵੇ। ਜੱਥੇਦਾਰ ਦੇ ਇਸ ਬਿਆਨ ਨਾਲ ਵੱਡੀ ਗਿਣਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।