ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਜੁਲਾਈ
ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੂੰ ਨਿਊ ਸ਼ਿਮਲਾ ਕਾਲੋਨੀ ਵਾਸੀ ਪ੍ਰਕਾਸ਼ ਕੁਮਾਰ ਨੇ ਦੱਸਿਆ ਕਿ ਸਵੇਰੇ 11 ਵਜੇ ਦੇ ਕਰੀਬ ਉਹ ਫੈਕਟਰੀ ਦੇ ਮੁਲਾਜ਼ਮ ਨੀਰਜ ਕੁਮਾਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਈਡੀਬੀਆਈ ਬੈਂਕ ਸ਼ਿਵਪੁਰੀ ਸ਼ਾਖਾ ਵੱਲ ਜਾ ਰਹੇ ਸਨ ਤਾਂ ਜੀਟੀ ਰੋਡ ਨੇੜੇ ਕਾਕੋਵਾਲ ਰੋਡ ’ਤੇ ਪਿੱਛੋਂ ਦੀ ਆ ਕੇ ਮੋਟਰਸਾਈਕਲ ਸਵਾਰ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਆਪਣੇ ਆਪ ਨੂੰ ਸੀਆਈਏ ਦਾ ਮੁਲਾਜ਼ਮ ਦੱਸਿਆ। ਉਹ ਉਸ ਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ ਪਿੱਛੇ ਬਿਠਾ ਕੇ ਬਸਤੀ ਚੌਕ ਵੱਲ ਲੈ ਗਿਆ। ਰਸਤੇ ਵਿੱਚ ਖਾਲੀ ਥਾਂ ਵੇਖ ਕੇ ਉਹ, ਉਸ ਦੇ ਗਲੇ ਵਿੱਚ ਪਾਈ ਸੋਨੇ ਦੀ ਚੇਨੀ ਅਤੇ ਪਰਸ ਖੋਹ ਕੇ ਮੋਟਰਸਾਈਕਲ ਨੰਬਰ ਪੀਬੀ 08 5829 ’ਤੇ ਫ਼ਰਾਰ ਹੋ ਗਿਆ। ਦੂਜੇ ਮਾਮਲੇ ਵਿੱਚ ਮੋਹਰ ਸਿੰਘ ਨਗਰ ਵਾਸੀ ਗੁਨਜੀਤ ਸਿੰਘ ਨੇ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲੀਸ ਨੂੰ ਦੱਸਿਆ ਕਿ ਉਹ ਰਾਤ ਹਰਗੋਬਿੰਦ ਨਗਰ ਰੋਡ ’ਤੇ ਸੈਰ ਕਰਨ ਉਪਰੰਤ ਘਰ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਹਥਿਆਰ ਦਿਖਾ ਕੇ ਉਸ ਦੀ ਗਲੇ ਵਿੱਚ ਪਾਈ ਦੋ ਤੋਲੇ ਸੋਨੇ ਦੀ ਚੇਨੀ ਲਾਹ ਕੇ ਫ਼ਰਾਰ ਹੋ ਗਏ।
ਕਾਰ ਦਾ ਸ਼ੀਸ਼ਾ ਤੋੜ ਕੇ ਪਰਸ ਚੋਰੀ
ਲੁਧਿਆਣਾ (ਪੱਤਰ ਪ੍ਰੇਰਕ): ਜੈਨ ਕਾਲੋਨੀ ਵਾਸੀ ਕਪਿਲ ਜੈਨ ਨੇ ਦੱਸਿਆ ਕਿ ਉਹ ਸਵੇਰੇ ਸੱਤ ਵਜੇ ਦੇ ਕਰੀਬ ਸਵਿਫਟ ਕਾਰ ’ਤੇ ਰੱਖ ਬਾਗ ਗਿਆ ਸੀ ਅਤੇ ਉਸ ਨੇ ਕਾਰ ਸਰਕਾਰੀ ਕਾਲਜ ਲੜਕੀਆਂ ਦੀ ਦੀਵਾਰ ਨਾਲ ਖੜ੍ਹੀ ਕਰ ਦਿੱਤੀ ਸੀ। ਕੁਝ ਦੇਰ ਬਾਅਦ ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟਾ ਹੋਇਆ ਸੀ ਅਤੇ ਡੈਸ਼ ਬੋਰਡ ਵਿੱਚ ਪਿਆ ਪਰਸ ਗਾਇਬ ਸੀ ਜਿਸ ਵਿੱਚ ਉਸ ਦਾ ਡਰਾਈਵਿੰਗ ਲਾਇਸੈਂਸ, ਆਧਾਰ ਕਾਰਡ ਅਤੇ 6 ਹਜ਼ਾਰ ਰੁਪਏ ਨਕਦ ਸਨ। ਜਾਂਚ ਅਧਿਕਾਰੀ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।