ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 12 ਜੁਲਾਈ
ਇੱਥੋਂ ਨੇੜਲੇ ਐਬਟਸਫੋਰਡ ਸ਼ਹਿਰ ਦੇ ਬਾਹਰਵਾਰ ਲੰਘੀ ਰਾਤ ਅਣਪਛਾਤੇ ਲੋਕਾਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਈਆਂ ਤੇ ਇੱਕ 40 ਸਾਲਾ ਪੰਜਾਬੀ ਵਿਅਕਤੀ ਦਾ ਕਤਲ ਕਰਕੇ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਕਰਮਜੀਤ ਸਿੰਘ ਸਰਾ ਵਜੋਂ ਹੋਈ ਹੈ। ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ, ਪਰ ਪੁਲੀਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਅਨੁਸਾਰ ਕਤਲ ਮਿਥ ਕੇ ਕੀਤਾ ਗਿਆ ਲੱਗਦਾ ਹੈ। ਐਬਟਸਫੋਰਡ ਪੁਲੀਸ ਦੇ ਬੁਲਾਰੇ ਰੌਬ ਡਿਕ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਕਿ ਲੂਸਰਨ ਕਰੈਸੈਂਟ ਦੇ 2700 ਨੰਬਰ ਬਲਾਕ ਕੋਲ ਇਕੱਲੇ ਜਿਹੇ ਘਰ ’ਚ ਗੋਲੀਬਾਰੀ ਅਤੇ ਚੀਕਾਂ ਦੀ ਆਵਾਜ਼ ਸੁਣੀ ਗਈ ਹੈ। ਮੌਕੇ ’ਤੇ ਪਹੁੰਚ ਕੇ ਵੇਖਿਆ ਕਿ 40 ਵਰ੍ਹਿਆਂ ਦਾ ਵਿਅਕਤੀ ਗੋਲੀਆਂ ਵੱਜਣ ਕਾਰਨ ਜ਼ਖ਼ਮੀ ਹਾਲਤ ’ਚ ਤੜਪ ਰਿਹਾ ਸੀ। ਮੌਕੇ ’ਤੇ ਡਾਕਟਰੀ ਮਦਦ ਦੇ ਕੇ ਹਸਪਤਾਲ ਲਿਜਾਂਦੇ ਸਮੇਂ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਊਹ ਦਮ ਤੋੜ ਗਿਆ। ਪੁਲੀਸ ਬੁਲਾਰੇ ਅਨੁਸਾਰ ਕਈ ਮਹੀਨਿਆਂ ਦੀ ਸ਼ਾਂਤੀ ਮਗਰੋਂ ਹੋਏ ਇਸ ਕਤਲ ਨੇ ਪੁਲੀਸ ਨੂੰ ਚੌਕਸੀ ਵਧਾਉਣ ਦਾ ਸੰਕੇਤ ਦਿੱਤਾ ਹੈ। ਉਸਨੇ ਦੱਸਿਆ ਕਿ ਕਤਲਾਂ ਦੀ ਜਾਂਚ ਕਰਨ ਵਾਲੇ ਪੁਲੀਸ ਦਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।