ਨਿਰੰਜਣ ਬੋਹਾ
ਬੋਹਾ, 18 ਜੂਨ
ਬੋਹਾ ਰਜਬਾਹੇ ਵਿੱਚ ਪਾਣੀ ਬਹੁਤ ਘੱਟ ਮਾਤਰਾ ਵਿੱਚ ਛੱਡੇ ਜਾਣ ਕਾਰਨ ਇਸ ਖੇਤਰ ਦੇ ਪਿੰਡ ਭੀਮੜਾ, ਹਾਕਮਵਾਲਾ ਤੇ ਬੋਹਾ ਮੰਡੀ ਦੇ ਲੋਕ ਪੀਣ ਵਾਲੇ ਨਹਿਰੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਗਏ ਹਨ। ਇਸ ਖੇਤਰ ਦੇ ਲੋਕ ਹੁਣ ਦੀ ਧਰਤੀ ਹੇਠਲਾ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ। ਇਸ ਸਬੰਧੀ ਸਮਾਜਸੇਵੀ ਹਰਪਾਲ ਸਿੰਘ ਪੰਮੀ, ਸ਼ਹੀਦ ਭਗਤ ਸਿੰਘ ਯੂਥ ਕਲੱਬ ਹਾਕਮਵਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਬੱਬਲ, ਸੰਤੋਖ ਸਿੰਘ ਚੀਮਾ ਸਾਬਕਾ ਸਰਪੰਚ ਭੀਮੜਾ, ਸਤਵੰਤ ਸਿੰਘ ਭੀਮੜਾ ਤੇ ਸ਼ਿੰਦਰ ਸਿੰਘ ਸਾਬਕਾ ਪੰਚ ਹਾਕਮਵਾਲਾ ਨੇ ਆਖਿਆ ਕਿ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਾਰਨ ਬੋਹਾ ਖੇਤਰ ਦੇ ਲੋਕ ਪੀਣ ਵਾਲੇ ਪਾਣੀ ਲਈ ਜ਼ਿਆਦਤਰ ਨਹਿਰੀ ਪਾਣੀ ’ਤੇ ਹੀ ਨਿਰਭਰ ਹਨ ਪਰ ਇਸ ਖੇਤਰ ਵਿੱਚ ਨਹਿਰੀ ਪਾਣੀ ਦੀ ਹਮੇਸ਼ਾਂ ਘਾਟ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਸਕੱਤਰ ਪ੍ਰਸ਼ੋਤਮ ਸਿੰਘ ਗਿੱਲ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਮਨਜੀਤ ਸਿੰਘ ਮਨਾਂ ਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰਾਮਫਲ ਸਿੰਘ ਚੱਕ ਅਲੀਸ਼ੇਰ ਨੇ ਮੰਗ ਕੀਤੀ ਹੈ ਕਿ ਪਾਣੀ ਦੀ ਘਾਟ ਨਾਲ ਜੂਝ ਰਹੇ ਉਪਰੋਕਤ ਪਿੰਡਾਂ ਲਈ ਜਲਦੀ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ।