ਡਾ. ਸ਼ਿਆਮ ਸੁੰਦਰ ਦੀਪਤੀ
ਸਿਹਤ ਸੰਭਾਲ
ਇਲਾਜ ਨਾਲੋਂ ਪਰਹੇਜ਼ ਬਿਹਤਰ ਅਕਸਰ ਕਿਹਾ ਅਤੇ ਪ੍ਰਚਾਰਿਆ ਜਾਂਦਾ ਹੈ। ਇਹ ਗੱਲ ਨਹੀਂ ਕਿ ਇਹ ਕਾਗ਼ਜ਼ੀ ਹੈ ਜਾਂ ਸਿਰਫ਼ ਨਾਅਰਾ। ਇਹ ਸੱਚ ਜੀਵਨ ਵਿਚ ਅਪਣਾਇਆ ਵੀ ਜਾਂਦਾ ਹੈ ਪਰ ਹੁਣ ਚੰਦ ਲੋਕ ਹੀ ਹੋਣਗੇ, ਜੋ ਇਸ ਨੂੰ ਮੁੱਢਲੀ ਜ਼ਰੂਰਤ ਵਜੋਂ ਅਪਣਾਉਂਦੇ ਹਨ। ਇਸ ਦਾ ਅੰਗਰੇਜ਼ੀ ਵਿਚ ਭਾਵ ਕੁਝ ਇਸ ਤਰ੍ਹਾਂ ਹੈ, ‘ਇਕ ਔਂਸ ਜਿੰਨਾ ਬਚਾਅ, ਇਕ ਪੌਂਡ ਦੇ ਇਲਾਜ ਤੋਂ ਬਿਹਤਰ ਹੈ।’ ਅੰਗਰੇਜ਼ਾਂ ਨੇ ਇਸ ਗੁਣਵਤਾ ਨੂੰ ਇੱਕ ਮਾਪਦੰਡ ਵਿਚ ਪੇਸ਼ ਕੀਤਾ ਹੈ, ਮਤਲਬ ਜੇਕਰ ਬਚਾਅ ਇਕ ਰੁਪਏ ਦਾ ਹੈ ਤਾਂ ਉਸ ਦਾ ਇਲਾਜ ਸੋਲਾਂ ਗੁਣਾ ਹੈ। ਭਾਵੇਂ ਕਿ ਅਜੋਕੇ ਸੰਦਰਭ ਵਿਚ ਇਹ ਕਈ-ਕਈ ਗੁਣਾ ਹੈ। ਉਦਾਹਰਨ ਦੇ ਤੌਰ ’ਤੇ ਬਿਮਾਰੀਆਂ ਦਾ ਬਚਾਅ ਰਸੋਈ ਵਿਚ ਹੈ ਜਾਂ ਸਰੀਰਕ ਹਰਕਤ ਵਿਚ। ਨਤੀਜੇ ਵਜੋਂ ਅਸੀਂ ਰਸੋਈ ਅਤੇ ਕਸਰਤ ਵਾਲੇ ਪਾਸੇ ਅਵੇਸਲੇ ਹੋ ਜਾਂਦੇ ਹਾਂ ਤੇ ਦਿਲ ਦੀ ਬਿਮਾਰੀ ਸਹੇੜ ਲੈਂਦੇ ਹਾਂ। ਇਸ ਨਾਲ ਹੋਣ ਵਾਲੇ ਖ਼ਰਚ (ਇਲਾਜ) ਦਾ ਅੰਦਾਜ਼ਾ ਤੁਸੀਂ ਖ਼ੁਦ ਲਗਾ ਸਕਦੇ ਹੋ। ਉਂਜ ਪਰਹੇਜ਼ ਦੀ ਗੱਲ ਕੋਈ ਸੁਣਦਾ ਨਹੀਂ, ਜੇ ਸੁਣਾ ਵੀ ਦਿਉ ਤਾਂ ਤਰਜੀਹ ਨਹੀਂ ਦਿੱਤੀ ਜਾਂਦੀ।
ਜੇਕਰ ਸਿਹਤ ਅਤੇ ਬਿਮਾਰੀ ਦੇ ਇਤਿਹਾਸ ਵਿਚ ਜਾਈਏ ਤਾਂ ਇਹ ਜਿ਼ਆਦਾਤਰ ਇਲਾਜ ਕੇਂਦਰਿਤ ਹੀ ਰਿਹਾ ਹੈ ਪਰ ਪਰਹੇਜ਼ ਨੂੰ ਇਕ ਪਰਿਵਾਰ ਜਾਂ ਸਮਝ ਦੀ ਪਰੰਪਰਾ ਵਜੋਂ ਕਬੂਲਿਆ ਜਾਂਦਾ ਰਿਹਾ ਹੈ, ਜੋ ਕਿ ਆਦਤ ਬਣ ਜਾਂਦਾ ਸੀ, ਇਕ ਸਭਿਆਚਾਰ ਦੀ ਪਛਾਣ ਜਿਵੇਂ ਨਿੱਜੀ ਸਾਫ਼-ਸਫ਼ਾਈ, ਘਰ ਦੀ ਉਸਾਰੀ ਅਤੇ ਮਾਹੌਲ, ਆਲਾ-ਦੁਆਲਾ, ਪਾਣੀ ਅਤੇ ਗੰਦਗੀ ਦੀ ਨਿਕਾਸੀ ਆਦਿ।
ਅਠਾਰ੍ਹਵੀਂ ਸਦੀ ਵਿਚ ਵਿਗਿਆਨ ਦੇ ਦਖ਼ਲ ਨਾਲ, ਪਰਹੇਜ਼ ਨੂੰ ਸਿਹਤ ਵਿਗਿਆਨ ਨੇ ਵੱਖਰੇ ਤੌਰ ’ਤੇ ਉਭਾਰਿਆ। ਇਸ ਦੀ ਸ਼ੁਰੂਆਤ ਮਹਾਮਾਰੀਆਂ ਦੇ ਮੱਦੇਨਜ਼ਰ ਹੋਈ ਤੇ ਟੀਕਾਕਰਨ ਦੀ ਖੋਜ ਅਤੇ ਪੂਰੇ ਨਗਰ ਨੂੰ ਪਾਣੀ ਪਹੁੰਚਾਉਣ ਦੀ ਵਿਵਸਥਾ ਅਤੇ ਕੂੜਾ ਕਰਕਟ ਦੇ ਮੱਦੇਨਜ਼ਰ ਪਾਣੀ ਦਾ ਪ੍ਰਦੂਸ਼ਿਤ ਹੋਣਾ। ਇਸ ਦੇ ਲਈ ਸਾਨੂੰ ਐਡਵਰਡ ਜੈਨਰ, ਲੂਈ ਪਾਸਚਰ ਅਤੇ ਜੋਹਨ ਸਨੋਅ ਵਰਗੇ ਸਿਹਤ ਵਿਗਿਆਨੀਆਂ ਦਾ ਧੰਨਵਾਦੀ ਹੋਣਾ ਚਾਹੀਦਾ ਹੈ।
ਪਰਹੇਜ਼ ਵਿਗਿਆਨ ਵਿਚ, ਇਨ੍ਹਾਂ ਖੋਜਾਂ ਰਾਹੀਂ, ਜਦੋਂ ਸਾਡੀ ਪੂੰਜੀਵਾਦੀ ਵਿਵਸਥਾ ਦਖ਼ਲ ਦਿੰਦੀ ਹੈ ਤਾਂ ਇਹ ਫਿਰ ਮੁਨਾਫੇ਼ ਦੀ ਲਪੇਟ ਵਿਚ ਆ ਕੇ ਨੁਕਸਾਨ ਵੀ ਕਰਦਾ ਹੈ। ਅੱਜ ਸਾਡੇ ਕੋਲ ਹਰ ਬਿਮਾਰੀ ਲਈ ਇਲਾਜ ਹੈ, ਕਾਰਗਰ ਦਵਾ ਹੈ, ਜੋ ਫੌਰੀ ਨਤੀਜੇ ਦਿਖਾਉਣ ਵਾਲੀ ਹੈ। ਮਿੰਟਾਂ-ਸਕਿੰਟਾਂ ਦੀ ਗੱਲ ਹੋ ਗਈ ਹੈ ਹੁਣ ਤਾਂ। ਪੇਟ ਵਿਚ ਗੈਸ ਹੈ, ਈਨੋ ਲਵੋ, ਛੇ ਸੈਕਿੰਡ ਵਿਚ ਕੰਮ ਸ਼ੁਰੂ, ਗਿੱਟਾ-ਗੋਡਾ ਦੁਖਦਾ ਹੈ, ਆਇਓਡੈਕਸ ਲਾਓ, ਕੰਮ ’ਤੇ ਜਾਓ। ਇਸ ਤਰ੍ਹਾਂ ਇਲਾਜ ਪੱਧਤੀ ਨੇ ਪਰਹੇਜ਼ਾਂ ਨੂੰ ਢਾਹ ਲਾਈ ਹੈ। ਇਸ ਪੱਧਤੀ ਨੂੰ ਅੱਗੋਂ ਹੁਲਾਰਾ ਦਿੱਤਾ ਹੈ ਬਾਜ਼ਾਰ ਨੇ, ਜੋ ਹਰ ਹਾਲਤ ਆਪਣਾ ਮਾਲ ਵੇਚਣ ਦੇ ਸਮਰਥ ਹੈ, ਹਰ ਹੀਲੇ ਉਹ ਹਰ ਤਰ੍ਹਾਂ ਦਾ ਮਾਲ ਵੇਚਣ ਦਾ ਜ਼ਰੀਆ ਲੱਭ ਲੈਂਦਾ ਹੈ।
ਤੁਸੀਂ ਇਹ ਇਸ਼ਤਿਹਾਰ ਟੀ.ਵੀ. ’ਤੇ ਦੇਖਿਆ ਹੋਵੇਗਾ: ਦੋ ਦੋਸਤ ਇੱਕ ਰੈਸਟੋਰੈਂਟ ਵਿਚ ਜਾਂਦੇ ਹਨ। ਪੀਜ਼ਾ ਦਾ ਆਰਡਰ ਦਿੰਦੇ ਹਨ। ਇਕ ਦੋਸਤ ਕਹਿੰਦਾ ਹੈ, ‘ਇਹ ਤਾਂ ਮੈਦੇ ਦਾ ਹੈ।’ ਵੇਟਰ, ਕਿਸੇ ਹੋਰ ਸਾਮਾਨ ਜਿਵੇਂ ਕਣਕ ਦਾ ਆਟਾ ਜਾਂ ਬੇਸਨ ਦਾ ਬਣਾ ਕੇ ਲੈ ਆਉਂਦਾ ਹੈ। ਉਹ ਦੋਸਤ ਉਸ ਨੂੰ ਦੇਖਦਾ ਹੈ ਤੇ ਉਪਰ ਪਏ ਪਨੀਰ ਦੇ ਟੁਕੜੇ ਦੇਖ ਕੇ ਕਹਿੰਦਾ ਹੈ, ‘ਨਹੀਂ! ਕੋਲੈਸਟਰੋਲ ਦਾ ਘਰ।’ ਫਿਰ ਆਵਾਜ਼ ਆਉਂਦੀ ਹੈ, ‘ਤੁਸੀਂ ਤਾਂ ਅਚੇਤ ਹੋ ਆਪਣੀ ਸਿਹਤ ਬਾਰੇ।’ ਘਬਰਾਉ ਨਾ, ਤੁਸੀਂ ਆਪਣਾ ਮਨ ਨਾ ਮਾਰੋ। ਅਸੀਂ ਹਾਂ। ਸਿਹਤ ਬੀਮਾ ਕਰਵਾਓ, ਪੰਜ ਸੌ ਰੁਪਏ ਮਹੀਨੇ ਵਿਚ।’ ਇਸ ਤਰ੍ਹਾਂ ਬਾਜ਼ਾਰ ਇਕ ਪਾਸੇ ਸਵਾਦ ਪਰੋਸਦਾ ਹੈ, ਦੂਸਰੇ ਪਾਸੇ ਬੀਮਾ। ਮੰਨ ਲਿਆ ਬਿੱਲ ਉਹ ਦੇ ਰਿਹਾ ਹੈ, ਪਰ ਆਪਣਾ ਮਰਨਾ ਜਾਂ ਪੇਟ ਤਾਂ ਤੁਹਾਨੂੰ ਹੀ ਸਰਜਨ ਦੇ ਹਵਾਲੇ ਕਰਨਾ ਪਵੇਗਾ। ਹਸਪਤਾਲ ਵਿਚ ਦਰਦ ਨਾਲ ਤੁਹਾਨੂੰ ਹੀ ਭਰਤੀ ਹੋਣਾ ਪਵੇਗਾ। ਇਸ ਤਰ੍ਹਾਂ ਬਾਜ਼ਾਰ ਦੀ ਇਹ ਲੁਕਵੀਂ ਸ਼ੈਲੀ ( ਸਾਜ਼ਿਸ਼) ਨੂੰ ਸਮਝਣ ਦੀ ਲੋੜ ਹੈ। ਅਜੋਕੇ ਪਰਿਪੇਖ ਵਿਚ ਦਰਅਸਲ, ਪਰਹੇਜ਼ ਨੂੰ ਕੁਝ ਵੱਡੇ-ਵੱਖਰੇ ਪਹਿਲੂ ਤੋਂ ਸਮਝਣ ਦੀ ਲੋੜ ਹੈ ਕਿ ਪਰਹੇਜ਼ ਦਾ ਅਰਥ ਹੈ, ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਇਸ ਤੋਂ ਪਰਹੇਜ਼, ਉਸ ਤੋਂ ਬਚਾਅ, ਫਿਰ ਲੋਕ ਕਹਿੰਦੇ ਨੇ, ਇਹ ਦੱਸੋ ਕਿ ਕਰੀਏ ਕੀ। ਇਸ ਪੱਖ ਨੂੰ ਵੀ ਨਾਲ ਰੱਖਣ ਅਤੇ ਮਹੱਤਵ ਦੇਣ ਦੀ ਲੋੜ ਹੈ। ਜਿਵੇਂ ਸ਼ੂਗਰ ਦੇ ਮਰੀਜ਼ ਨੂੰ ਸਿਰਫ਼ ਮਿੱਠਾ ਹੀ ਬੰਦ ਨਹੀਂ ਕੀਤਾ ਜਾਂਦਾ, ਉਸ ਨੂੰ ਇਕ ਪੂਰੀ ਲਿਸਟ ਮਿਲਦੀ ਹੈ, ਜਿਸ ਵਿਚ ਫਰੂਟ, ਆਲੂ-ਕਚਾਲੂ ਕਈ ਦਾਲਾਂ, ਸੁੱਕੇ ਮੇਵੇ ਆਦਿ ਬੰਦ ਕਰਨ ਨੂੰ ਕਿਹਾ ਜਾਂਦਾ ਹੈ। ਮਰੀਜ਼ ਦੇ ਮਨ ਵਿਚ ਇਕੋ ਦਮ ਆਉਂਦਾ ਹੈ, ਹੁਣ ਕੀ ਚੱਜ ਰਹਿ ਗਿਆ ਜੀਣ ਦਾ, ਸਭ ਕੁਝ ਹੀ ਬੰਦ। ਉਸ ਨੂੰ ਨਾਲ ਇਕ ਸੂਚੀ ਇਹ ਵੀ ਦੇਣੀ ਚਾਹੀਦੀ ਹੈ ਕਿ ਉਹ ਕੀ ਕੁਝ ਖਾ ਸਕਦਾ ਹੈ। ਚਲੋ, ਇੱਥੇ ਪਰਿਪੇਖ ਵੱਖਰਾ ਹੈ ਕਿ ਇਹ ਰੁਕਾਵਟਾਂ ਉਦੋਂ ਨੇ, ਜਦੋਂ ਬਿਮਾਰੀ ਹੋ ਗਈ ਹੈ, ਪਰ ਪਰਹੇਜ਼ ਤਾਂ ਸਹੀ ਮਾਇਨੇ ਵਿਚ ਉਹ ਹੋਵੇ ਕਿ ਬਿਮਾਰੀ ਹੋਵੇ ਹੀ ਨਾ। ਕੀ ਅਸੀਂ-ਤੁਸੀਂ ਇਸ ਲਈ ਤਿਆਰ ਹਾਂ? ਅੱਜ ਤੋਂ ਢਾਈ ਹਜ਼ਾਰ ਸਾਲ ਪਹਿਲਾਂ ਯੂਨਾਨ ਦੇ ਚਿੰਤਕ ਅਤੇ ਸਿਹਤ ਮਾਹਿਰ ਹਿਪੋਕਰੋਟਿਸ ਨੇ ਕਿਹਾ ਸੀ, ‘ਜੇ ਕੋਈ ਵਧੀਆ ਸਿਹਤ ਬਣਾ ਕੇ ਰੱਖਣ ਦਾ ਚਾਹਵਾਨ ਹੈ ਤਾਂ ਉਸ ਤੋਂ ਪਹਿਲਾਂ ਪੁੱਛੋ ਕਿ ਉਹ ਉਨ੍ਹਾਂ ਕਾਰਨਾਂ ਨੂੰ ਛੱਡਣਾ ਚਾਹੁੰਦਾ ਹੈ, ਜਿਸ ਨਾਲ ਸਿਹਤ ਵਿਗੜਦੀ ਹੈ, ਤਾਂ ਹੀ ਉਸ ਦੀ ਮਦਦ ਕੀਤੀ ਜਾ ਸਕਦੀ ਹੈ।’
ਖੁਰਾਕ ਵਿਚ ਵਿਗਾੜ, ਸਰੀਰਕ ਕਸਰਤ ਦੀ ਅਣਹੋਂਦ, ਮਨ ਦੀਆਂ ਲਾਲਸਾਵਾਂ ਦੀ ਰਫ਼ਤਾਰ, ਇੰਨੀ ਤੇਜ਼ ਹੈ ਕਿ ਕਿਸੇ ਦੀ ਪਰਵਾਹ ਕੀਤੇ ਬਿਨਾਂ, ਰਿਸ਼ਤਿਆਂ ਨੂੰ ਲਿਤਾੜਦੇ ਹੋਏ ਅੱਗੇ ਵਧਣਾ। ਕੀ ਇਨ੍ਹਾਂ ਉਪਰ ਵਿਚਾਰ ਕਰਕੇ, ਪਰਹੇਜ਼ ਦੇ ਰਾਹ ਪੈਣ ਦਾ ਮਨ ਹੈ? ਜੇਕਰ ਹੈ ਤਾਂ ਹੀ ਅੱਗੇ ਗੱਲ ਤੁਰ ਸਕਦੀ ਹੈ।
ਸੰਪਰਕ: 98158-08506