ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਪੱਛਮੀ ਦਿੱਲੀ ਦੇ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੋਤ ਨੂੰ ਕਰੋਨਾ ਨਾਲ ਅਸਿੱਧੇ ਤਰੀਕੇ ਨਾਲ ਜੋੜ ਕੇ ਸੋਸ਼ਲ ਮੀਡੀਆ ਉਪਰ ਕੀਤੀ ਗਈ ਟਿੱਪਣੀ ‘ਤੇ ‘ਆਪ’ ਆਗੂਆਂ ਸਮੇਤ ਹੋਰਨਾਂ ਲੋਕਾਂ ਨੇ ਸੰਸਦ ਮੈਂਬਰ ਦੀ ਖਿਚਾਈ ਕੀਤੀ। ਸ੍ਰੀ ਵਰਮਾ ਵੱਲੋਂ ‘ਕ’ ਤੋਂ ਕੋਰਨਾ ਤੇ ‘ਕ’ ਤੋਂ ਕੇਜਰੀਵਾਲ ਦਾ ਟਵੀਟ ਕਰਨ ਦੀ ਦੇਰ ਸੀ ਕਿ ਉਨ੍ਹਾਂ ਨੂੰ ਫਿਟਕਾਰਾਂ ਦਾ ਸਾਹਮਣਾ ਕਰਨਾ ਪਿਆ।ਕਈ ਲੋਕਾਂ ਨੇ ਲਾਹਣਤਾਂ ਪਾਉਂਦੇ ਹੋਏ ‘ਪ’ ਤੋਂ ਸ਼ੁਰੂ ਹੁੰਦੇ ‘ਨਾਂਹਪੱਖੀ’ ਸ਼ਬਦਾਂ ਨਾਲ ਭਾਜਪਾ ਸੰਸਦ ਮੈਂਬਰ ‘ਤੇ ਹੱਲੇ ਬੋਲੇੇ। ਕਈਆਂ ਨੇ ਨਾਂ ਵਿਸ਼ੇਸ਼ ਨੂੰ ਵਾਇਰਸ ਨਾਲ ਜੋੜਨ ਦੀ ਸਖ਼ਤ ਨਿੰਦਾ ਕੀਤੀ
ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਇਹ ਸੰਸਦ ਮੈਂਬਰ ਦੇ ਜ਼ਹਿਨੀ ਦੀਵਾਲੀਆਪਣ ਦੀ ਉਦਾਹਰਣ ਹੈ। ਉਧਰ ਬੁਰਾੜੀ ਤੋਂ ਵਿਧਾਇਕ ਸੰਜੀਵ ਝਾਅ ਨੇ ਕਿਹਾ ਕਿ ਕਿਸੇ ਜਾਤੀ ਵਿਸ਼ੇਸ਼ ਦੇ ਗੋਤ ਨੂੰ ਕਰੋਨਾ ਨਾਲ ਜੋੜਨਾ ਬਹੁਤ ਨਿੰਦਣਯੋਗ ਹੈ ਤੇ ਇਕ ਚੁਣੇ ਹੋਏ ਨੁਮਾਇੰਦੇ ਨੂੰ ਆਪਣੇ ਅਹੁਦੇ ਦੀ ਮਰਿਆਦਾ ਬਣਾਈ ਰੱਖਣੀ ਚਾਹੀਦੀ ਹੈ। ਤਿਮਾਰਪੁਰ ਤੋਂ ਵਿਧਾਇਕ ਦਲੀਪ ਪਾਂਡੇ ਨੇ ‘ਆਪ’ ਕਾਰਕੁਨਾਂ ਨੂੰ ਸਮਝਾਉਂਦੇ ਹੋਏ ਭਾਜਪਾ ‘ਤੇ ਨਿਸ਼ਾਨਾ ਫੁੰਡਿਆ, ‘ਸੰਸਦ ਮੈਂਬਰਾਂ ਦੀਆਂ ਹਰਕਤਾਂ ਤੋਂ ਆਪਾਂ ਪ੍ਰੇਸ਼ਾਨ ਨਾ ਹੋਈਏ। ਆਪਣਾ ਕੰਮ ਕਰਦੇ ਰਹੋ। ਯਾਦ ਰਹੇ-ਉਹ ਤੁਹਾਨੂੰ ਗਾਲ੍ਹਾਂ ਵਿੱਚ ਉਲਝਾਉਣਗੇ। ਤੁਸੀਂ 20 ਲੱਖ ਦੇ ਪੈਕਜ ਵਿੱਚ ਹਿੱਸੇ ‘ਤੇ ਡੱਟੇ ਰਹਿਣਾ।