ਸ੍ਰੀਨਗਰ, 12 ਜੁਲਾਈ
ਵੱਖਵਾਦੀ ਆਗੂ ਤੇ ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਮੁਹੰਮਦ ਅਸ਼ਰਫ਼ ਸਹਿਰਾਈ ਨੂੰ ਅੱਜ ਪੁਲੀਸ ਨੇ ਉਸ ਦੀ ਰਿਹਾਇਸ਼ ਤੋਂ ਹਿਰਾਸਤ ਵਿਚ ਲੈ ਲਿਆ। ਅਧਿਕਾਰੀਆਂ ਮੁਤਾਬਕ ਉਸ ’ਤੇ ਕਰੜਾ ਲੋਕ ਸੁਰੱਖਿਆ ਐਕਟ (ਪੀਐੱਸਏ) ਲਾਇਆ ਜਾ ਸਕਦਾ ਹੈ। ਪੁਲੀਸ ਪਾਰਟੀ ਨੇ ਸਹਿਰਾਈ ਨੂੰ ਅੱਜ ਸਵੇਰੇ ਬਗ਼ਤ-ਏ-ਬਰਜ਼ੁੱਲਾ ਇਲਾਕੇ ’ਚੋਂ ਹਿਰਾਸਤ ਵਿਚ ਲਿਆ ਤੇ ਸਦਰ ਪੁਲੀਸ ਥਾਣੇ ਲਿਜਾਇਆ ਗਿਆ। ਜੰਮੂ ਕਸ਼ਮੀਰ ਪੁਲੀਸ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਸਹਿਰਾਈ ਤੇ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਕੁਝ ਮੈਂਬਰਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਤੇ ਇਨ੍ਹਾਂ ’ਤੇ ਸਖ਼ਤ ਪੀਐੱਸਏ ਲਾਗੂ ਕੀਤਾ ਜਾਵੇਗਾ। ਬਿਨਾਂ ਸੁਣਵਾਈ ਤੋਂ ਅਥਾਰਿਟੀ ਇਨ੍ਹਾਂ ਨੂੰ ਸਾਲ ਲਈ ਨਜ਼ਰਬੰਦ ਰੱਖ ਸਕੇਗੀ। ਸਹਿਰਾਈ ਜਮਾਤ-ਏ-ਇਸਲਾਮੀ ਦਾ ਸਾਬਕਾ ਆਗੂ ਹੈ ਤੇ ਕੱਟੜਵਾਦੀ ਹੈ। ਤਹਿਰੀਕ-ਏ-ਹੁਰੀਅਤ ਦੀ ਅਗਵਾਈ ਪਹਿਲਾਂ ਕੱਟੜ ਤੇ ਵੱਖਵਾਦੀ ਆਗੂ ਸਈਦ ਅਲੀ ਸ਼ਾਹ ਗ਼ਿਲਾਨੀ ਕਰ ਚੁੱਕੇ ਹਨ। ਇਹ ਹੁਰੀਅਤ ਕਾਨਫ਼ਰੰਸ ਦਾ ਹੀ ਹਿੱਸਾ ਹੈ। ਮੰਨਿਆ ਜਾ ਰਿਹਾ ਹੈ ਕਿ ਸਹਿਰਾਈ ਹੁਰੀਅਤ ਕਾਨਫ਼ਰੰਸ ਦੀ ਅਗਵਾਈ ਕਰਨ ਦਾ ਚਾਹਵਾਨ ਹੈ ਜੋ ਕਿ 26 ਵੱਖਵਾਦੀ ਧਿਰਾਂ ਦਾ ਜੋੜ ਹੈ। ਸਹਿਰਾਈ ਦਾ ਪੁੱਤਰ ਜੁਨੈਦ ਸਹਿਰਾਈ ਜੋ ਕਿ ਹਿਜ਼ਬੁਲ ਮੁਜਾਹਿਦੀਨ ਦਾ ਡਿਵੀਜ਼ਨ ਕਮਾਂਡਰ ਸੀ, ਇਸੇ ਸਾਲ ਮਈ ਵਿਚ ਮੁਕਾਬਲੇ ’ਚ ਮਾਰਿਆ ਗਿਆ ਸੀ। -ਪੀਟੀਆਈ