ਨਵੀਂ ਦਿੱਲੀ, 23 ਜੁਲਾਈ
ਭਾਰਤ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਦੁਆਲੇ ਅਮਨ ਦੀ ਕਾਇਮੀ ਚੀਨ ਨਾਲ ਉਸ ਦੇ ਦੁਵੱਲੇ ਸਬੰਧਾਂ ਦਾ ਅਧਾਰ ਹੈ। ਭਾਰਤ ਨੇ ਉਮੀਦ ਜਤਾਈ ਕਿ ਚੀਨ ਪੂਰਬੀ ਲੱਦਾਖ ਵਿਚੋਂ ਫੌਜਾਂ ਹਟਾਉਣ ਵਿੱਚ ਇਮਾਨਦਾਰੀ ਦਿਖਾਏਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਸਹਿਯੋਗ ਅਤੇ ਸਲਾਹ ਮਸ਼ਵਰੇ ਦੇ ਕਾਰਜਸ਼ੀਲ ਢਾਂਚੇ ਤਹਿਤ ਕੂਟਨੀਤਕ ਗੱਲਬਾਤ ਦਾ ਇੱਕ ਹੋਰ ਗੇੜ ਜਲਦੀ ਤੈਅ ਕੀਤੇ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ, ‘ਸਰਹੱਦੀ ਇਲਾਕਿਆਂ ਵਿੱਚ ਅਮਨ ਕਾਇਮ ਰੱਖਣਾ ਸਾਡੇ ਦੁਵੱਲੇ ਸਬੰਧਾਂ ਦਾ ਅਧਾਰ ਹੈ।” ਸ੍ਰੀਵਾਸਤਵ ਨੇ ਅੱਗੇ ਕਿਹਾ, “ਅਸੀਂ ਉਮੀਦ ਕਰਦੇ ਹਾਂ ਕਿ ਚੀਨ ਸਰਹੱਦ ’ਤੇ ਪੈਦਾ ਹੋਏ ਤਣਾਅ ਨੂੰ ਛੇਤੀ ਤੋਂ ਛੇਤੀ ਘਟਾਉਣ ਅਤੇ ਅਮਨ ਦੀ ਬਹਾਲੀ ਲਈ ਸਾਡੇ ਨਾਲ ਮਿਲ ਕੇ ਇਮਾਨਦਾਰੀ ਨਾਲ ਕੰਮ ਕਰੇਗਾ, ਜਿਵੇਂ ਕਿ ਵਿਸ਼ੇਸ਼ ਪ੍ਰਤੀਨਿਧੀਆਂ ਨੇ ਸਹਿਮਤੀ ਜਤਾਈ ਸੀ। ’’ ਪੂਰਬੀ ਲੱਦਾਖ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਤਣਾਅ ਘਟਾਉਣ ਲਈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ 5 ਜੁਲਾਈ ਨੂੰ ਟੈਲੀਫੋਨ ’ਤੇ ਤਕਰੀਬਨ ਦੋ ਘੰਟੇ ਗੱਲਬਾਤ ਕੀਤੀ ਸੀ। ਦੋਵਾਂ ਧਿਰਾਂ ਨੇ ਡੋਵਾਲ ਅਤੇ ਵਾਂਗ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਛੇ ਜੁਲਾਈ ਤੋਂ ਫੌਜ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਸ੍ਰੀਵਾਸਤਵ ਨੇ ਕਿਹਾ, “ਅਸੀਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਐਲਏਸੀ ਦਾ ਸਤਿਕਾਰ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਐਲਏਸੀ ’ਤੇ ਸਥਿਤੀ ਬਦਲਣ ਦੀ ਕਿਸੇ ਤਰ੍ਹਾਂ ਦੀ ਇਕਪਾਸੜ ਕੋਸ਼ਿਸ਼ ਨੂੰ ਪ੍ਰਵਾਨ ਨਹੀਂ ਕਰੇਗਾ।