ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਬਟਾਲਾ, 23 ਜੁਲਾਈ
ਬਟਾਲਾ ਦੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਜਿੰਮੀ ਲੋਧੀਨੰਗਲ ਦੀ ਕਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਸਿਵਲ ਹਸਪਤਾਲ ਬਟਾਲਾ ਦੇ ਐੱਸਐੱਮਓ ਡਾ. ਸੰਜੀਵ ਭੱਲਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਵਿਧਾਇਕ ਲੋਧੀਨੰਗਲ ਅਤੇ ਉਨ੍ਹਾਂ ਦਾ ਲੜਕਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖਲ ਹੋ ਗਏ ਹਨ। ਡਾ. ਭੱਲਾ ਮੁਤਾਬਕ ਪਿਛਲੇ ਦਿਨੀਂ ਲਏ ਗਏ 130 ਨਮੂਨਿਆਂ ਵਿੱਚੋਂ ਅੱਜ ਬਟਾਲਾ ਨਾਲ ਸਬੰਧਤ 8 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਸਾਰੇ ਨਵੇਂ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕੀਤਾ ਗਿਆ ਹੈ, ਜਿੱਥੇ ਮੌਜੂਦਾ ਸਮੇਂ ਇਸ ਲਾਗ ਦੇ 20 ਸਰਗਰਮ ਮਰੀਜ਼ ਦਾਖ਼ਲ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਲੋਧੀਨੰਗਲ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਹਨ। ਬਟਾਲਾ ਤੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ ਅਤੇ ਵਿਧਾਇਕ ਦੇ ਪੀਏ ਨੂੰ ਇਕਾਂਤਵਾਸ ਕੀਤਾ ਗਿਆ ਹੈ।