ਜੈਪੁਰ, 23 ਜੁਲਾਈ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਸੂਬੇ ਵਿੱਚ ਕੇਂਦਰੀ ਏਜੰਸੀਆਂ ਵੱਲੋਂ ਮਾਰੇ ਜਾ ਰਹੇ ਛਾਪਿਆਂ ਤੋਂ ਉਹ ਘਬਰਾਉਣ ਵਾਲੇ ਨਹੀਂ ਹਨ ਅਤੇ ਨਾ ਹੀ ਉਨ੍ਹਾਂ ਦਾ ਮਿਸ਼ਨ ਰੁਕੇਗਾ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਇਥੇ ਪੱਤਰਕਾਰਾਂ ਨੂੰ ਕਿਹਾ, ‘‘ ਇਨ੍ਹਾਂ ਛਾਪਿਆਂ ਤੋਂ ਅਸੀਂ ਘਬਰਾਉਣ ਵਾਲੇ ਨਹੀਂ ਹਾਂ.. ਨਾ ਸਾਡਾ ਮਿਸ਼ਨ ਰੁਕਣ ਵਾਲਾ ਹੈ। ਭਾਜਪਾ ਦੀਆਂ ਨੀਤੀਆਂ ਅਤੇ ਪ੍ਰੋਗਰਾਮ ਜਾਂ ਸਿਧਾਂਤ ਮੁਲਕ ਨੂੰ ਤਬਾਹ ਕਰਨ ਵਾਲੇ ਹਨ। ਇਹ ਫਾਸ਼ੀਵਾਦੀ ਲੋਕ ਹਨ, ਲੋਕਤੰਤਰ ਦੀ ਹੱਤਿਆ ਕਰ ਰਹੇ ਹਨ। ’’ ਕਾਬਿਲੇਗੌਰ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਲ ਹੀ ਵਿੱਚ ਅਸ਼ੋਕ ਗਹਿਲੋਤ ਦੇ ਨੇੜਲੇ ਕਈ ਲੋਕਾਂ ਦੇ ਦਫ਼ਤਰਾਂ ਅਤੇ ਇਮਾਰਤਾਂ ’ਤੇ ਛਾਪੇ ਮਾਰੇ ਹਨ। ਈਡੀ ਨੇ ਕੱਲ੍ਹ ਗਹਿਲੋਤ ਦੇ ਵੱਡੇ ਭਰਾ ਅਗਰਸੇਨ ਗਹਿਲੋਤ ਦੇ ਘਰ ’ਤੇ ਵੀ ਛਾਪਾ ਮਾਰਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦਾ ਮੁਕਾਬਲਾ ਕਰਨ ਦੀ ਤਾਕਤ ਅੱਜ ਵੀ ਸਿਰਫ ਕਾਂਗਰਸ ਵਿੱਚ ਹੀ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਇਹ 54 ਜਾਂ 44 ’ਤੇ ਆ ਗਈ ਹੈ ਪਰ ਜਿਹੜੇ ਸਮਝਦਾਰ ਲੋਕ ਹਨ ਭਾਵੇਂ ਉਹ ਭਾਜਪਾ ਜਾਂ ਕਿਸੇ ਹੋਰ ਪਾਰਟੀ ਦੇ, ਉਹ ਸਭ ਜਾਣਦੇ ਹਨ ਕਿ ਕਾਂਗਰਸ ਮਜ਼ਬੂਤ ਪਾਰਟੀ ਵਜੋਂ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਕਾਂਗਰਸ ਦੀ ਮਜ਼ਬੂਤੀ ਮੁਲਕ ਦੀ ਮਜ਼ਬੂਤੀ ਹੈ। ਇਹ ਸੋਚ ਕੇ ਹੀ ਅਸੀਂ ਰਾਜਨੀਤੀ ਕਰ ਰਹੇ ਹਾਂ।
ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਹ ਜਲਦੀ ਹੀ ਅਸੈਂਬਲੀ ਦਾ ਇਜਲਾਸ ਸੱਦਣਗੇ ਤੇ ਉਨ੍ਹਾਂ ਦੀ ਸਰਕਾਰ ਆਪਣਾ ਬਹੁਮੱਤ ਸਾਬਤ ਕਰੇਗੀ। ਗਹਿਲੋਤ ਨੇ ਕਿਹਾ ਕਿ ਬਹੁਮੱਤ ਉਨ੍ਹਾਂ ਦੇ ਨਾਲ ਹੈ ਤੇ ਸਾਰੇ ਕਾਂਗਰਸੀ ਵਿਧਾਇਕ ਇਕਜੁੱਟ ਹਨ। ਉਨ੍ਹਾਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਡੇਗਣ ਲਈ ਕਥਿਤ ਸਾਜ਼ਿਸ਼ ਘੜੇ ਜਾਣ ਦੀ ਪੁਸ਼ਟੀ ਕਰਦੀ ਆਡੀਓ ਕਲਿੱਪ ਮੌਲਿਕ ਹੈ ਤੇ ਫੋਰੈਂਸਿਕ ਜਾਂਚ ਲਈ ਅਮਰੀਕਾ ਭੇਜੀ ਜਾ ਸਕਦੀ ਹੈ। ਉਨ੍ਹਾਂ ਕੇਂਦਰੀ ਮੰਤਰੀ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਉਹ ਆਵਾਜ਼ ਦੇ ਨਮੂਨੇ ਦੇਣ ਲਈ ਅੱਗੇ ਕਿਉਂ ਨਹੀਂ ਆਉਂਦੇ।