ਮੁਖਤਿਆਰ ਸਿੰਘ ਨੋਗਾਵਾਂ
ਦੇਵੀਗੜ੍ਹ, 6 ਜੂਨ
‘ਹਲਕਾ ਸਨੌਰ ਦੇ ਪਿੰਡ ਗਗਰੌਲਾ ਤੋਂ ਸ਼ਾਦੀਪੁਰ ਖੁੱਡਾ ਰੋਡ ’ਤੇ ਮੀਰਾਂਪੁਰ ਚੋਅ ’ਤੇ ਬਣ ਰਹੇ ਪੁਲ ਦਾ ਕੰਮ ਲਟਕਣ ਕਾਰਨ ਅਤੇ ਘੱਗਰ ਦਰਿਆ ਦੇ ਪੁੱਲ ਦੀ ਖਸਤਾ ਹਾਲਤ ਹੋਣ ਕਾਰਨ ਬਰਸਾਤਾਂ ਸਮੇਂ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਹ ਇਲਾਕਾ ਪਟਿਆਲੇ ਨਾਲੋਂ ਕੱਟ ਸਕਦਾ ਹੈ।’ ਇਹ ਗੱਲ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਅੱਜ ਇਸ ਪੁਲ ’ਤੇ ਰੁਕੇ ਕੰਮ ਦਾ ਜਾਇਜ਼ਾ ਲੈਣ ਮੌਕੇ ਕਹੀ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿੱਖ ਕੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲ ਕੇ ਡੇਢ ਸਾਲ ਪਹਿਲਾਂ ਇਸ ਪੁਲ ਨੂੰ ਬਣਵਾਉਣ ਦਾ ਉਪਰਾਲਾ ਕਰਵਾਇਆ ਸੀ ਪਰ ਅੱਜ ਡੇਢ ਸਾਲ ਬੀਤ ਜਾਣ ’ਤੇ ਵੀ ਇਹ ਪੁਲ ਮੁਕੰਮਲ ਨਹੀਂ ਹੋਇਆ ਅਤੇ ਇਸ ਦਾ ਕੰਮ ਬੰਦ ਪਿਆ ਹੈ ਜਦ ਕਿ ਇਸ ਪੁਲ ਦੇ ਖਰਚੇ ਦੇ ਪੈਸੇ ਸਰਕਾਰ ਤੋਂ ਮਨਜ਼ੂਰ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਠੇਕੇਦਾਰ ਵਿੱਚ ਕੋਈ ਕਮੀ ਹੈ ਤਾਂ ਉਸ ਨੂੰ ਬਦਲ ਕੇ ਇਹ ਕੰਮ ਹੋਰ ਕਿਸੇ ਠੇਕੇਦਾਰ ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਨਸੂਨ ਜਲਦੀ ਆਉਣ ਵਾਲਾ ਹੈ ਅਤੇ ਜੇਕਰ ਇਹ ਪੁਲ ਇਸ ਤੋਂ ਪਹਿਲਾਂ ਮੁਕੰਮਲ ਨਾ ਹੋਇਆ ਤਾਂ ਇਸ ਤੇ ਪਾਰ ਦੇ ਪਿੰਡਾਂ ਦਾ ਪਟਿਆਲਾ ਨਾਲੋਂ ਲਿੰਕ ਕੱਟ ਜਾਵੇਗਾ ਅਤੇ ਪ੍ਰਸਾਸ਼ਨ ਨੂੰ ਫਿਰ ਬਹੁਤ ਮੁਸ਼ਕਲ ਆਵੇਗੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੀਰਾਂਪੁਰ ਚੋਅ ’ਤੇ ਬਣ ਰਹੇ ਪੁਲ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਘੱਗਰ ਦੇ ਪੁਲ ਦੀ ਮੁਰੰਮਤ ਕੀਤੀ ਜਾਵੇ। ਇਸ ਮੌਕੇ ਜਸਵੰਤ ਸਿੰਘ ਖੋਖਰ, ਵਰਿੰਦਰ ਸਿੰਘ ਡਕਾਲਾ ਪੀ.ਏ., ਸੁਰਿੰਦਰ ਸਿੰਘ ਪੁਰ, ਗੁਰਬਖਸ਼ ਸਿੰਘ ਟਿਵਾਣਾ, ਕਰਨ ਸਿੰਘ ਮੰਡੀ, ਅਕਾਸ਼ਦੀਪ ਸਿੰਘ ਨੋਰੰਗਵਾਲ ਅਤੇ ਹੋਰ ਪਿੰਡ ਵਾਸੀ ਵੀ ਮੌਜੂਦ ਸਨ।