ਬੀਰਬਲ ਰਿਸ਼ੀ
ਸ਼ੇਰਪੁਰ, 6 ਜੂਨ
ਈਨਾਬਾਜਵਾ ’ਚ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦਾ ਵਿਵਾਦ ਉਸ ਸਮੇਂ ਵਧ ਗਿਆ ਦਲਿਤ ਭਾਈਚਾਰੇ ਦੀ ਇੱਕ ਧਿਰ ਨੇ ਬੋਲੀ ਨੂੰ ਇੱਕਪਾਸੜ ਕਰਾਰ ਦਿੰਦਿਆਂ ਰੱਦ ਕਰਵਾਏ ਜਾਣ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਵਿਰੋਧ ਕੀਤਾ। ਛੁੱਟੀ ਦੇ ਬਾਵਜੂਦ ਬੀਡੀਪੀਓ ਦਫ਼ਤਰ ਸ਼ੇਰਪੁਰ ਅੱਗੇ ਧਰਨਾ ਦੇਣ ਤੋਂ ਇਲਾਵਾ ਕਾਤਰੋਂ ਚੌਕ ’ਚ ਸੰਕੇਤਕ ਚੱਕਾ ਜਾਮ ਕੀਤਾ।
ਜਾਣਕਾਰੀ ਅਨੁਸਾਰ ਅੱਜ ਵਿਭਾਗ ਵੱਲੋਂ ਪੰਚਾਇਤ ਸੈਕਟਰੀ ਦੀਪ ਕੁਮਾਰ ਦੀ ਅਗਵਾਈ ਵਾਲੀ ਟੀਮ ਈਨਾਬਾਜਵਾ ਵਿੱਚ ਪੰਚਾਇਤੀ ਜ਼ਮੀਨ ਦੇ ਰਾਖਵੇਂ ਹਿੱਸੇ ਦੀ ਬੋਲੀ ਕਰਵਾਉਣ ਲਈ ਪੁੱਜੀ ਤਾਂ ਦਲਿਤਾਂ ਦੇ ਇੱਕ ਹਿੱਸੇ ਨੇ ਬੋਲੀ ਦਲਿਤ ਧਰਮਸ਼ਾਲਾ ’ਚ ਨਾ ਕਰਵਾਏ ਜਾਣ ਅਤੇ ਛੁੱਟੀ ਵਾਲੇ ਦਿਨ ਬੋਲੀ ਕਰਵਾਏ ਜਾਣ ਦੇ ਤਰਕ ਦੇ ਅਧਾਰ ’ਤੇ ਬੋਲੀ ਰੱਦ ਕਰਨ ਲਈ ਕਿਹਾ। ਤਿੱਖੇ ਵਿਰੋਧ ਦੇ ਬਾਵਜੂਦ ਵਿਭਾਗ ਦੀ ਟੀਮ ਨੇ ਬੋਲੀ ਕਰਵਾ ਦਿੱਤੀ ਜਿਸ ’ਤੇ ਗੁੱਸੇ ਵਿੱਚ ਦਲਿਤ ਭਾਈਚਾਰੇ ਨੇ ਬੀਡੀਪੀਓ ਦਫ਼ਤਰ ਸ਼ੇਰਪੁਰ ਅੱਗੇ ਧਰਨਾ ਲਗਾ ਦਿੱਤਾ। ਇਸ ਮੌਕੇ ਜਥੇਬੰਦੀ ਦੇ ਮੋਹਰੀ ਆਗੂ ਜਸਵੰਤ ਸਿੰਘ ਖੇੜੀ, ਲਖਵਿੰਦਰ ਸਿੰਘ, ਜਰਨੈਲ ਸਿੰਘ, ਐਡਵੋਕੇਟ ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਅਮਨਪ੍ਰੀਤ ਕੌਰ, ਸਰਬਜੀਤ ਕੌਰ ਆਦਿ ਨੇ ਆਪਣੇ ਸਮਰਥਕਾਂ ਸਮੇਤ ਬੀਡੀਪੀਓ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ।
ਬੁਲਾਰਿਆਂ ਨੇ ਸੈਕਟਰੀ ਦੀਪ ਕੁਮਾਰ ’ਤੇ ਡੰਮੀ ਬੋਲੀ ਕਰਵਾਏ ਜਾਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਬੋਲੀ ਦੇਣ ਲਈ ਦਲਿਤਾਂ ਦੀ ਸਾਂਝੀ ਖੇਤੀ ਮਾਡਲ ਦੇ ਮੁਦਈ ਧਿਰ ਨੂੰ ਸ਼ਾਮਲ ਕੀਤੇ ਬਿਨਾਂ ਸੈਕਟਰੀ ਨੇ ਜਾਣ-ਬੁੱਝ ਕੇ ਬੋਲੀ ਕਰਵਾ ਕੇ ਮਾਹੌਲ ਖਰਾਬ ਕੀਤਾ ਜਿਸ ਕਰਕੇ ਉਸ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਿਨਾਂ ਸ਼ਰਤ ਬੋਲੀ ਰੱਦ ਕੀਤੀ ਜਾਵੇ। ਜਸਵੰਤ ਸਿੰਘ ਖੇੜੀ ਨੇ ਐਲਾਨ ਕੀਤਾ ਕਿ ਜੇਕਰ ਬੋਲੀ ਰੱਦ ਨਾ ਕੀਤੀ ਤਾਂ ਜਥੇਬੰਦੀ ਪੰਚਾਇਤੀ ਜ਼ਮੀਨ ’ਤੇ ਕਬਜ਼ੇ ਦਾ ਐਲਾਨ ਕਰੇਗੀ।
ਉਧਰ ਪੱਖ ਸਪਸ਼ੱਟ ਕਰਦਿਆਂ ਸੈਕਟਰੀ ਦੀਪ ਕੁਮਾਰ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਬੋਲੀ ਨਿਯਮਾਂ ਅਨੁਸਾਰ ਹੋਈ ਹੈ ਜਿਸ ਦੀ ਬਕਾਇਦਾ ਵੀਡੀਓਗ੍ਰਾਫ਼ੀ ਕੀਤੀ ਗਈ ਹੈ। ਬੋਲੀ ਲੇਟ ਹੋਣ ਕਾਰਨ ਛੁੱਟੀ ਵਾਲੇ ਦਿਨ ਕਰਵਾਏ ਜਾਣ ਲਈ ਉਚ ਅਧਿਕਾਰੀ ਦੀਆਂ ਹਦਾਇਤਾਂ ਸਨ।
ਇਸ ਮੌਕੇ ਸੁਪਰਡੈਂਟ ਰਜਿੰਦਰ ਕੁਮਾਰ ਅਤੇ ਐਸਐਚਓ ਸ਼ੇਰਪੁਰ ਯਾਦਵਿੰਦਰ ਸਿੰਘ ਨੇ ਮੁਜ਼ਾਹਰਾਕਾਰੀਆਂ ਤੋਂ ਮੰਗ ਪੱਤਰ ਲਿਆ ਅਤੇ 8 ਜੂਨ ਨੂੰ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਕੇ ਮਸਲਾ ਹੱਲ ਕਰਵਾਏ ਜਾਣ ਦਾ ਭਰੋਸਾ ਦਿੱਤਾ।