ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 18 ਜੂਨ
ਜਗਰਾਉਂ ’ਚ 3 ਅਤੇ ਸਿੱਧਵਾਂ ਬੇਟ ’ਚ ਇੱਕ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਖੁਲਾਸੇ ਮਗਰੋਂ ਲੋਕ ਚਿੰਤਤ ਹਨ। ਸਿਹਤ ਅਤੇ ਪੁਲੀਸ ਵਿਭਾਗ ਦੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਹਸਪਤਾਲ ’ਚ ਰੋਜ਼ਾਨਾ 80 ਤੋਂ 100 ਤੱਕ ਮਰੀਜ਼ਾਂ ਦੇ ਸੈਂਪਲ ਲਏ ਜਾਂਦੇ ਹਨ। ਕੁੱਝ ਦਿਨ ਪਹਿਲਾਂ ਇੱਥੇ ਇੱਕ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ਼ ਬਜ਼ੁਰਗ ਔਰਤ ਦੇ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਅਤੇ ਪੁਲੀਸ ਵਿਭਾਗ ਨੇ ਪ੍ਰਸ਼ਾਸਨ ਦੀ ਹਾਜ਼ਰੀ ’ਚ ਹਸਪਤਾਲ ਬੰਦ ਕਰਨ, ਹਸਪਤਾਲ ’ਚ ਕੰਮ ਕਰਨ ਵਾਲਾ ਅਮਲਾ, ਡਾਕਟਰ, ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਇਕਾਂਤਵਾਸ ਕਰ ਦਿੱਤਾ ਸੀ। ਇਸ ਤੋਂ ਇਲਾਵਾ ਪੀੜਤ ਔਰਤ ਦੀ ਰਿਹਾਇਸ਼ ਵਾਲਾ ਪੂਰਾ ਮੁਹੱਲਾ ਸੀਲ ਕਰ ਦਿੱਤਾ ਸੀ। ਪੀੜਤ ਔਰਤ ਡੀਐਮਸੀ ਹਸਪਤਾਲ ’ਚ ਜ਼ੇਰੇ-ਇਲਾਜ ਹੈ। ਉਸ ਦੇ ਪਰਿਵਾਰਿਕ ਮੈਂਬਰਾਂ ਪੋਤਰਾ,ਨੂੰਹ ਅਤੇ ਪੁੱਤਰ ਦੇ ਵੀ ਸੈਂਪਲ ਪੌਜ਼ਿਟਿਵ ਆਉਣ ਦੀ ਖਬਰ ਹੈ ।ਸੀਨੀਅਰ ਮੈਡੀਕਲ ਅਫਸਰ ਡਾ.ਸੁਖਜੀਵਨ ਕੱਕੜ ਤੋਂ ਮਿਲੀ ਜਾਣਕਾਰੀ ਅਨੁਸਾਰ ਜਗਰਾਉਂ ਦਾ ਹਰਸ਼ ਸਿੰਗਲਾ (36), ਨਿਕਿਤਾ ਸਿੰਗਲਾ (34) ਅਤੇ ਨਿਤਿਨ ਸਿੰਗਲਾ (9) ਇਸ ਤੋਂ ਇਲਾਵਾ ਸਿੱਧਵਾਂ ਬੇਟ ਦਾ ਰਘਵੀਰ ਸਿੰਘ (55) ਦੀਆਂ ਰਿਪੋਰਟਾਂ ਪਾਜ਼ੇਟਿਵ ਹਨ ਇਹ ਮਰੀਜ਼ ਸਰਕਾਰੀ ਹਸਪਤਾਲ ਜਗਰਾਉਂ ਦੇ ਆਈਸੋਲੇਸ਼ਨ ਵਾਰਡ ’ਚ ਦਾਖ਼ਲ ਹਨ। ਪਰਿਵਾਰ ਨਾਲ ਮਿਲਣ ਜੁੱਲਣ ਵਾਲੇ ਅਤੇ ਛੋਟੇ ਬੱਚੇ ਨਿਤਿਨ ਨਾਲ ਖੇਡਣ ਵਾਲੇ ਬੱਚਿਆਂ ਦੀ ਵੀ ਸ਼ਨਾਖਤ ਕੀਤੀ ਜਾ ਰਹੀ ਹੈ।
ਕਰੋਨਾ ਪਾਜ਼ੇਟਿਵ ਨੌਜਵਾਨ ਬੱਸ ਸਟੈਂਡ ਰਾਏਕੋਟ ਦੇ ਬਾਹਰੋਂ ਮਿਲਿਆ
ਰਾਮ ਗੋਪਾਲ ਰਾਏਕੋਟੀ
ਰਾਏਕੋਟ, 18 ਜੂਨ
ਪੁਲੀਸ ਅਤੇ ਸਿਹਤ ਵਿਭਾਗ ਨੇ ਅੱਜ ਉਸ ਸਮੇਂ ਸੁੱਖ ਦਾ ਸਾਹ ਲਿਆ ਜਦ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਕੱਲ੍ਹ ਦੇਰ ਸ਼ਾਮ ਤੋਂ ਘਰੋਂ ਗਾਇਬ ਹੋਇਆ ਤਲਵੰਡੀ ਰਾਏ ਪਿੰਡ ਦਾ ਨੌਜਵਾਨ ਅੱਜ ਸਵੇਰੇ ਰਾਏਕੋਟ ਦੇ ਬੱਸ ਸਟੈਂਡ ਤੋਂ ਮਿਲ ਗਿਆ। ਪਿੰਡ ਤਲਵੰਡੀ ਰਾਏ ਦੇ ਸਰਪੰਚ ਜਸਪ੍ਰੀਤ ਸਿੰਘ ਜੱਸੀ ਨੇ ਉਸ ਨੌਜਵਾਨ ਨੂੰ ਰਾਏਕੋਟ ਬੱਸ ਅੱਡੇ ਦੇ ਬਾਹਰ ਇਕ ਗੰਨੇ ਦੇ ਰਸ ਵਾਲੀ ਰੇਹੜੀ ’ਤੇ ਦੇਖ ਲਿਆ ਤੇ ਸਰਪੰਚ ਵਲੋਂ ਇਸ ਦੀ ਸੂਚਨਾ ਥਾਣਾ ਸਦਰ ਰਾਏਕੋਟ ਦੇ ਮੁਖੀ ਨਿਧਾਨ ਸਿੰਘ ਨੂੰ ਦਿੱਤੀ ਗਈ ਜਿਸ ਉਪਰੰਤ ਪੁਲੀਸ ਨੇ ਉਸ ਜਗ੍ਹਾ ਨੂੰ ਘੇਰਾ ਪਾ ਲਿਆ ਅਤੇ ਇਸ ਦੀ ਸੂਚਨਾ ਐੱਸਐੱਮਓ ਸੁਧਾਰ ਨੂੰ ਦਿੱਤੀ ਗਈ ਜਿਸ ’ਤੇ ਸੁਧਾਰ ਸਿਵਲ ਹਸਪਤਾਲ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਉਕਤ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਵਿੱਚ ਇਲਾਜ ਲਈ ਭੇਜ ਦਿੱਤਾ।