ਵਧ ਰਹੀ ਹਿੰਸਾ
18 ਜੂਨ ਦੇ ਸੰਪਾਦਕੀ ‘ਵਧ ਰਹੀ ਹਿੰਸਾ’ ਵਿਚ ਸਮਾਜ ਅੰਦਰਲੀ ਵੱਡੀ ਸਮੱਸਿਆ ਦਾ ਜ਼ਿਕਰ ਕੀਤਾ ਗਿਆ ਹੈ। ਆਪਣੇ ਹੀ ਪਰਿਵਾਰਾਂ, ਰਿਸ਼ਤੇਦਾਰਾਂ, ਗੁਆਂਢੀਆਂ ਨਾਲ ਕੀਤੀ ਜਾ ਰਹੀ ਹਿੰਸਾ ਸਮਾਜ ਲਈ ਸਚਮੁੱਚ ਪ੍ਰੇਸ਼ਾਨੀ ਵਾਲੀ ਗੱਲ ਹੈ। ਲੜਦਿਆਂ ਨੂੰ ਛੁਡਾਉਣ ਤੋਂ ਵੀ ਲੋਕ ਪਾਸਾ ਵੱਟaਣਾ ਠੀਕ ਸਮਝਦੇ ਹਨ। ਬਹੁਗਿਣਤੀ ਪੰਚਾਇਤਾਂ ’ਚ ਸਿਆਸੀ ਪਾਰਟੀਬਾਜ਼ੀ ਹੋਣ ਕਾਰਨ ਝਗੜਿਆਂ ਦਾ ਹੇਠਲੇ ਪੱਧਰ ’ਤੇ ਸਹੀ ਨਬਿੇੜਾ ਨਹੀਂ ਹੁੰਦਾ। ਲੜਾਈਆਂ ਦੇ ਮੁਕੱਦਮੇ ਅਦਾਲਤਾਂ ’ਚ ਲੰਮਾ ਸਮਾਂ ਚੱਲਦੇ ਰਹਿੰਦੇ ਹਨ ਅਤੇ ਸਬੰਧਤ ਧਿਰਾਂ ਦੀ ਆਪਸੀ ਰੰਜਿਸ਼ ਵੀ ਵਧਦੀ ਰਹਿੰਦੀ ਹੈ। ਸਿਆਸੀ ਆਗੂਆਂ, ਹਾਕਮਾਂ, ਸਰਕਾਰਾਂ ਵੱਲੋਂ ਕਿਸਾਨ ਦੇ ਆਰਥਿਕ ਪੱਖ ਦੀ ਹੀ ਗੱਲ ਕਰਨ ਤੋਂ ਇਲਾਵਾ ਪਿੰਡਾਂ ਦੇ ਲੋਕਾਂ ’ਚ ਆਪਸੀ ਪਿਆਰ, ਮਿਲਵਰਤਨ ’ਚ ਵਾਧਾ ਕਰਨ ਲਈ ਵੀ ਉਪਰਾਲੇ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਬੈਂਕ ਮੈਨੇਜਰ ਦਾ ਚੜ੍ਹਾਵਾ
18 ਜੂਨ ਨੂੰ ਨਜ਼ਰੀਆ ਪੰਨੇ ਉੱਤੇ ਛਪਿਆ ਪਾਲੀ ਰਾਮ ਬਾਂਸਲ ਦਾ ਮਿਡਲ ‘ਸੌ ਦਾ ਚੜ੍ਹਾਵਾ’ ਦਿਲਚਸਪ ਲੱਗਿਆ। ਲੇਖਕ ਨੇ ਆਪ-ਬੀਤੀ ਨੂੰ ਸੋਹਣੀ ਤਰ੍ਹਾਂ ਬਿਆਨ ਕੀਤਾ ਹੈ। ਲਿਖਤ ਦੇ ਅੰਤ ਤੱਕ ਉਤਸੁਕਤਾ ਬਣੀ ਰਹਿੰਦੀ ਹੈ। ਜਾਪਦਾ ਹੈ, ਲੇਖਕ ਜਿਵੇਂ ਸਾਹਮਣੇ ਬੈਠਾ ਗੱਲਾਂ ਕਰ ਰਿਹਾ ਹੋਵੇ।
ਜਸਵੰਤ ਗਿੱਲ, ਕਪੂਰਥਲਾ
ਪੰਜਾਬੀਆਂ ਦਾ ਕਿਰਦਾਰ
17 ਜੂਨ ਨੂੰ ਸਵਰਾਜਬੀਰ ਦਾ ਲੇਖ ‘ਕੋਵਿਡ-19 ਵਰਤਾਰਾ ਅਤੇ ਪੰਜਾਬ’ ਵਰਤਮਾਨ ਦੌਰ ਵਿਚਲੇ ਪੰਜਾਬੀਆਂ ਦੇ ਕੋਝੇ ਚਰਿੱਤਰ ਨੂੰ ਭਲੀਭਾਂਤ ਨਸ਼ਰ ਕਰਦਾ ਹੈ। ਲੇਖਕ ਦੀਆਂ ਬੇਬਾਕ ਟਿੱਪਣੀਆਂ ਧਿਆਨ ਖਿੱਚਦੀਆਂ ਹਨ। ਲੇਖ ਵਿਚ ਉਨ੍ਹਾਂ ਪੰਜਾਬੀ ਲੋਕਾਂ ਦੇ ਕਿਰਦਾਰ ਨੂੰ ਜਿਸ ਤਰ੍ਹਾਂ ਸਭ ਦੇ ਸਾਹਮਣੇ ਲਿਆਂਦਾ ਹੈ, ਉਹ ਪੜ੍ਹ ਦੇ ਦਿਲ ਨੂੰ ਧੱਕਾ ਤਾਂ ਜ਼ਰੂਰ ਲੱਗਾ ਪਰ ਤਸੱਲੀ ਵੀ ਹੋਈ ਕਿ ਅਜਿਹੇ ਸੰਵੇਦਨਸ਼ੀਲ ਮਾਮਲੇ ਦੀ ਨਿਸ਼ਾਨਦੇਹੀ ਕੀਤੇ ਬਗੈਰ ਹੁਣ ਸਰਨਾ ਨਹੀਂ।
ਕੁਮਾਰ, ਅੰਮ੍ਰਿਤਸਰ
(2)
ਕੋਵਿਡ-19 ਦੀ ਉਪਜ ਲੌਕਡਾਊਨ ਨੂੰ ਸਾਡਾ ਸਮਾਜ ਪਹਿਲੀ ਵਾਰ ਮੁਖਾਤਬਿ ਹੋਇਆ ਹੈ। ਇਸ ਨੇ ਸਾਡੀ ਜ਼ਮੀਰ ਦੀ ਚਾਦਰ ਲਾਹ ਸੁੱਟੀ ਹੈ। ਲੇਖ ਵਿਚ ਤਾਲਾਬੰਦੀ, ਸਾਡੇ ਆਮ ਵਰਤਾਰੇ ਵਿਚ ਆਏ ਬਦਲਾਓ, ਖ਼ਾਸ ਕਰਕੇ ਪੇਂਡੂ ਜਾਤੀ ਅਤੇ ਜਮਾਤੀ ਤਸਵੀਰ ਦੇ ਬਦਲੇ ਰੰਗ ਨੂੰ ਬਾਖੂਬੀ ਬਿਆਨਿਆ ਗਿਆ ਹੈ। ਰੁਜ਼ਗਾਰ ਦੇਣ ਵਾਲਾ ਸ਼ਹਿਰੀ ਤਬਕਾ ਵੀ ਘੱਟ ਨਹੀਂ। ਇਨ੍ਹਾਂ ਨਾਲ ਮਜ਼ਦੂਰਾਂ ਦੇ ਪਰਵਾਸ ਦੌਰਾਨ ਹੋਈ ਦੁਰਗਤੀ ਬਾਰੇ ਗੱਲ ਕਰੋ ਤਾਂ ਕਹਿੰਦੇ ਹਨ, ‘ਇਨ੍ਹਾਂ ਦਾ ਕੀ ਐ, ਇਨ੍ਹਾਂ ਤਾਂ ਮਰਨਾ ਈ ਐ, ਆਉਂਦੇ ਜਾਂਦੇ ਮਰ ਗਏ, ਫੇਰ ਕੀ ਹੋਇਆ, ਹੁਣ ਭੁੱਖੇ ਮਰਦੇ ਮੁੜਨਗੇ, ਫੇਰ ਮਨਮਰਜ਼ੀ ਦੇ ਪੈਸੇ ਦੇਵਾਂਗੇ, ਮਰਨਗੇ ਫੇਰ ਵੀ।’
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
ਸਿਰਲੇਖ ਢੁਕਵਾਂ ਨਹੀਂ
16 ਜੂਨ ਨੂੰ ਪੰਨਾ 3 ਉੱਤੇ ‘ਜੂਡੋ ਦੇ ਕੌਮੀ ਖਿਡਾਰੀ ਤਿੰਨ ਸਕੇ ਭਰਾ ਗੁਰਬਤ ਅੱਗੇ ਹਾਰੇ’ ਸਿਰਲੇਖ ਅਧੀਨ ਖ਼ਬਰ ਪੜ੍ਹੀ। ਖ਼ਬਰ ਦਾ ਸਿਰਲੇਖ ਇਨ੍ਹਾਂ ਨਾਲ ਵੱਡਾ ਅਨਿਆਂ ਜਾਪਿਆ। ਇਹ ਨੌਜਵਾਨ ਹਾਰੇ ਨਹੀਂ, ਜੂਝ ਰਹੇ ਹਨ। ਅਜਿਹੇ ਸਿਰੜੀ ਨੌਜਵਾਨਾਂ ਦੀ ਹਿੰਮਤ ਦੀ ਤਾਂ ਸਗੋਂ ਦਾਦ ਦੇਣੀ ਚਾਹੀਦੀ ਹੈ। ਖ਼ਬਰ ਵਿਚ ਵੀ ਦਰਸਾਇਆ ਗਿਆ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਸੰਘਰਸ਼ ਹੋਰ ਬਹੁਤੇ ਨੌਜਵਾਨਾਂ ਲਈ ਰਾਹ-ਦਸੇਰਾ ਬਣ ਸਕਦਾ ਹੈ।
ਯਾਦਵਿੰਦਰ ਸਿੰਘ ਛਿੱਬਰ, ਲੁਧਿਆਣਾ
ਤਸੱਲੀ ਹੋਈ
ਕਾਲਮ ‘ਪਾਠਕਾਂ ਦੇ ਖ਼ਤ’ ਦੁਬਾਰਾ ਸ਼ੁਰੂ ਕਰਨ ਨਾਲ ਤਸੱਲੀ ਹੋਈ ਹੈ। ਅਸਲ ਵਿਚ ਜੇਕਰ ਪਾਠਕ ਕੋਲੋਂ ਕਿਸੇ ਕਾਰਨ ਕੋਈ ਰਚਨਾ ਪੜ੍ਹਨ ਤੋਂ ਖੁੰਝ ਜਾਂਦੀ ਹੈ ਤਾਂ ਕੁਝ ਦਿਨ ਪਹਿਲਾਂ ਛਪੀ ਰਚਨਾ ਬਾਰੇ ਸੁਹਿਰਦ ਤੇ ਸੂਝਵਾਨ ਪਾਠਕ ਨਿਸ਼ਾਨਦੇਹੀ ਕਰ ਦਿੰਦੇ ਹਨ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਕਿਸਾਨੀ ਦਾ ਦੁਖਾਂਤ
18 ਜੂਨ ਦੇ ਨਜ਼ਰੀਆ ਪੰਨੇ ਉੱਤੇ ਡਾਕਟਰ ਗਿਆਨ ਸਿੰਘ ਦਾ ਲੇਖ ‘ਖੇਤੀ ਨੀਤੀਆਂ ਨਾਲ ਕਾਮਿਆਂ ਦਾ ਉਜਾੜਾ ਤੈਅ’ ਪੜ੍ਹਿਆ। ਲੇਖਕ ਨੇ ਮੁੱਲਵਾਨ ਨੁਕਤੇ ਦਲੀਲਾਂ ਸਹਿਤ ਪੇਸ਼ ਕੀਤੇ ਹਨ। ਪਿਛਲੇ ਤਿੰਨ ਦਹਾਕਿਆਂ ਤੋਂ ਨਿਮਨ ਕਿਸਾਨੀ ਦੁਖਾਂਤ ਭੋਗ ਰਹੀ ਹੈ। ਉਸ ਦੀ ਆਰਥਿਕ ਮੰਦਹਾਲੀ ਦੇ ਕਾਰਨਾਂ ਵਿਚੋਂ ਇੱਕ ਕਾਰਨ ਸਰਕਾਰਾਂ ਦੀਆਂ ਨੀਤੀਆਂ ਹਨ, ਜਿਹੜੀਆਂ ਨਿਮਨ ਕਿਸਾਨੀ ਦੇ ਹੱਕ ਦੀ ਥਾਂ ਵਿਰੋਧ ਵਿਚ ਭੁਗਤਦੀਆਂ ਹਨ। ਨਿਮਨ ਕਿਸਾਨ ਦੀ ਆਰਥਿਕ ਹਾਲਤ ਨੂੰ ਸੁਧਾਰਨ ਹਿੱਤ ਸੂਬਾ ਅਤੇ ਕੇਂਦਰ ਸਰਕਾਰ ਨੂੰ ਸੰਜੀਦਗੀ ਨਾਲ ਸੋਚਣ ਦੀ ਲੋੜ ਹੈ। ਨਿਮਨ ਕਿਸਾਨ ਦੀ ਹਾਲਤ ਤਾਂ ਪਹਿਲਾਂ ਹੀ ਚੰਗੀ ਨਹੀਂ ਸੀ, ਕਰੋਨਾਵਾਇਰਸ ਦੇ ਸੰਕਟ ਨੇ ਕਿਸਾਨਾਂ ਦਾ ਦੁੱਖ ਹੋਰ ਡੂੰਘਾ ਕਰ ਦਿੱਤਾ। ਮੌਜੂਦਾ ਹਾਲਾਤ ਵਿਚ ਸਰਕਾਰੀ ਨੀਤੀਆਂ ਅਜਿਹੀਆਂ ਹੋਣ ਜਿਹੜੀਆਂ ਨਿਮਨ ਕਿਸਾਨ ਦੀ ਹਾਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਪੋਰੇਟ ਸੈਕਟਰ ਦੇ ਲਾਭਾਂ ਦੀ ਥਾਂ ਨਿਮਨ ਕਿਸਾਨ ਨੂੰ ਸੰਕਟ ਮੁਕਤ ਹੋਣ ਵਿਚ ਸਹਾਈ ਹੋਣ।
ਸਤਨਾਮ ਸਿੰਘ ਜੱਸਲ, ਬਠਿੰਡਾ