ਮਹਿੰਦਰ ਸਿੰਘ ਰੱਤੀਆਂ
ਮੋਗਾ,6 ਜੂਨ
ਕੋਵਿਡ-19 ਮਹਾਮਾਰੀ ਕਾਰਨ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਡਿਪੂ ਹੋਲਡਰਾਂ ਵੱਲੋਂ ਸਮਾਰਟ ਕਾਰਡ ਰਾਸ਼ਨ ਧਾਰਕਾਂ ਨੂੰ ਉੱਲੀ ਲੱਗੀ ਦਾਲ ਵੰਡੀ ਜਾ ਰਹੀ ਹੈ। ਡਿਪੂ ਹੋਲਡਰ ਕਹਿੰਦੇ ਹਨ ’’ਮੈ ਕਿਹੜਾ ਘਰੋਂ ਦਿੱਤੀ ਸਰਕਾਰ ਦੀ ਹੈ’’। ਇਸ ਦਾਲ ’ਚੋਂ ਬਦਬੂ ਕਾਰਨ ਲੋੜਵੰਦਾਂ ਨੇ ਇਹ ਦਾਲ ਲੈਣ ਤੋਂ ਨਾਂਹ ਕਰ ਦਿੱਤੀ ਹੈ। ਖੁਰਾਕ ਤੇ ਸਿਵਲ ਸਲਪਾਈ ਵਿਭਾਗ ਵੱਲੋਂ ਖਰਾਬ ਦਾਲ ਬਦਲਣ ਦੀ ਗੱਲ ਆਖੀ ਗਈ ਹੈ।
ਖੁਰਾਕ ਤੇ ਸਿਵਲ ਸਪਲਾਈਜ਼ ਇੰਸਪੈਕਟਰ ਜਗਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦਾਲ ਦੀ ਬਲਕ ’ਚ ਖਰੀਦ ਕੀਤੀ ਗਈ ਹੈ ਅਤੇ ਚੱਕੇ ਹੇਠਾਂ ਵਾਲੇ ਕੁਝ ਗੱਟੇ ਖਰਾਬ ਹਨ। ਡਿਪੂ ਹੋਲਡਰਾਂ ਨੂੰ ਖਰਾਬ ਦਾਲ ਨਾ ਵੰਡਣ ਅਤੇ ਖਰਾਬ ਦਾਲ ਬਦਲਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।
ਸੂਬੇ ’ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਰਾਜ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਵੱਲੋਂ ਸਮਾਰਟ ਕਾਰਡ ਰਾਸ਼ਨ ਧਾਰਕਾਂ ਨੂੰ 15 ਕਿੱਲੋ ਪ੍ਰਤੀ ਜੀਅ ਕਣਕ ਅਤੇ 3 ਕਿੱਲੋ ਦਾਲ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 3 ਮਹੀਨੇ ਦਾ ਮੁਫ਼ਤ ਰਾਸ਼ਨ ਦਿੱਤਾ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿੱਚ ਕੁੱਲ 1 ਲੱਖ 26 ਹਜ਼ਾਰ 203 ਸਮਾਰਟ ਰਾਸ਼ਨ ਕਾਰਡ ਧਾਰਕ ਹਨ। ਇਹ ਰਾਸ਼ਨ ਕੇਂਦਰ ਸਰਕਾਰ ਨੇ ਕੋਵਿਡ-19 ਮਹਾਂਮਾਰੀ ਕਾਰਨ ਇਨ੍ਹਾਂ ਗਰੀਬ ਲੋਕਾਂ ਲਈ ਭੇਜਿਆ ਸੀ। ਇਹ ਰਾਸ਼ਨ ਤਾਲਾਬੰਦੀ ਦੌਰਾਨ ਸਟੋਰਾਂ ’ਚ ਪਿਆ ਰਿਹਾ। ਜ਼ਿਲ੍ਹਾ ਸਕੱਤਰੇਤ ਵਿਖੇ ਅਧਿਕਾਰੀਆਂ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਡਿਪੂ ਹੋਲਡਰਾਂ ਵੱਲੋਂ ਪੈੱਕਟ ਬਣਾ ਕੇ ਰੱਖੇ ਹੋਏ ਹਨ ਅਤੇ ਕਾਰਡਧਾਰਕ ਨੂੰ ਪੈੱਕਟ ਦਿੱਤਾ ਜਾ ਰਿਹਾ ਹੈ ਅਤੇ ਘਰ ਜਾ ਕੇ ਖੋਲ੍ਹਣ ਉੱਤੇ ਹੀ ਦਾਲ ਖਰਾਬ ਹੋਣ ਦਾ ਪਤਾ ਲੱਗਦਾ ਹੈ।