ਸਰਹੱਦੀ ਝਗੜੇ
11 ਜੁਲਾਈ ਨੂੰ ਅਭੈ ਸਿੰਘ ਦਾ ਲੇਖ ‘ਸਰਹੱਦਾਂ ਦੇ ਝਗੜੇ ਕਿਵੇਂ ਹੱਲ ਹੋਣ’ ਪੜ੍ਹਿਆ। ਸ਼ਹਾਦਤ ਨਾਲ ਸਰਹੱਦ ਦੀ ਨੀਂਹ ਹੋਰ ਮਜ਼ਬੂਤ ਹੋ ਜਾਂਦੀ ਹੈ ਪਰ ਕਿਸੇ ਦੇ ਘਰ ਦੀ ਨੀਂਹ ਸਦਾ ਲਈ ਤਿੜਕ ਜਾਂਦੀ ਹੈ। ਹਰ ਝਗੜੇ ਦਾ ਸੁਚੱਜਾ ਹੱਲ ਫੈਸਲਾ ਹੀ ਹੁੰਦਾ ਹੈ; ਫਿਰ ਸਰਕਾਰਾਂ ਨੂੰ ਸੂਖਮਤਾ ਨਾਲ ਵਿਚਾਰ-ਵਟਾਂਦਰਾ ਕਰ ਕੇ ਇਨ੍ਹਾਂ ਝਗੜਿਆਂ ਦਾ ਜਾਇਜ਼ ਤੇ ਪੁਖਤਾ ਹੱਲ ਲੱਭਣਾ ਚਾਹੀਦਾ ਹੈ; ਨਾ ਕਿ ‘ਅਸੀਂ ਬਰਾਬਰ ਦਾ ਜੁਆਬ ਦੇਣ ਦੀ ਸਮਰੱਥਾ ਰੱਖਦੇ ਹਾਂ’ ਵਰਗੀ ਬਿਆਨਬਾਜ਼ੀ ਕਰ ਕੇ ਸਰਹੱਦਾਂ ਦੇ ਮਸਲਿਆਂ ਨੂੰ ਹੋਰ ਉਲਝਾਉਣਾ। ਸਰਹੱਦਾਂ ਦੀ ਦੇਖ-ਰੇਖ ਬੜੀ ਸ਼ਿੱਦਤ ਨਾਲ ਕੀਤੀ ਜਾਂਦੀ ਹੈ। ਫੌਜ ਦੀ ਲੜਾਈ ਦੇ ਹਵਾਲੇ ਨਾਲ ਲੱਖਾਂ-ਕਰੋੜਾਂ ਦਾ ਖਰਚਾ ਆਉਂਦਾ ਹੈ। ਜਵਾਨ ਸਰਹੱਦ ਦੀ ਹਿਫਾਜ਼ਤ ਲਈ ਜਾਨ ਵਾਰ ਦਿੰਦਾ ਹੈ ਤੇ ਜ਼ਿੰਦਗੀ ਨੂੰ ਜੁਆਬਦੇਹ ਹੋ ਜਾਂਦੇ ਹਨ, ਬਜ਼ੁਰਗ ਮਾਂ-ਪਿਓ, ਨਵ-ਵਿਆਹੀਆਂ, ਛੋਟੇ ਬਾਲ ਤੇ ਹੋਰ ਕਿੰਨਾ ਹੀ ਕੁਝ। ਸ਼ਹੀਦੀ ਇਸ ਪਾਰ ਵਾਪਰੇ ਜਾਂ ਉਸ ਪਾਰ, ਸਰਕਾਰਾਂ ਚਲਦੀਆਂ ਰਹਿੰਦੀਆਂ ਹਨ। ਸੁਯੋਗ ਹੱਲਾਂ ਦੀ ਉਮੀਦ ਵਿਚ ਅਵਾਮ…।
ਅਮੀਨਾ, ਬਹਿਰਾਮਪੁਰ ਜ਼ਿਮੀਂਦਾਰੀ (ਰੂਪਨਗਰ)
ਸਾਂਝੀਵਾਲਤਾ ਦਾ ਗੁਲਦਸਤਾ
11 ਜੁਲਾਈ ਨੂੰ ਪੰਨਾ 7 ’ਤੇ ਲੱਗੀ ਖ਼ਬਰ ‘ਮੁਸਲਿਮ ਭਾਈਚਾਰੇ ਵੱਲੋਂ ਗੁਰੂ ਰਾਮ ਦਾਸ ਲੰਗਰ ਲਈ ਕਣਕ ਭੇਟ’ ਪੜ੍ਹੀ। ਲੰਗਰ ਲਈ ਕਣਕ ਭੇਜ ਕੇ ਮੁਸਲਿਮ ਭਾਈਚਾਰੇ ਨੇ ਸਾਂਝੀਵਾਲਤਾ ਦੀ ਮਿਸਾਲ ਪੈਦਾ ਕੀਤੀ ਹੈ। ਗੁਰੂਆਂ, ਪੀਰਾਂ ਅਤੇ ਬਾਬੇ ਨਾਨਕ ਦੀ ਇਸ ਧਰਤੀ ’ਤੇ ਇਹ ਸਾਂਝੀਵਾਲਤਾ ਮੁੱਢ ਤੋਂ ਹੀ ਹੈ। ਮਾਲੇਰਕੋਟਲਾ ਅਜਿਹਾ ਗੁਲਦਸਤਾ ਹੈ, ਜਿੱਥੇ ਸਭ ਧਰਮਾਂ ਦੇ ਲੋਕ ਧਰਮ ਤੋਂ ਉਪਰ ਉਠ ਕੇ ਹਮੇਸ਼ਾ ਇਨਸਾਨੀਅਤ ਦੇ ਕੰਮ ਆਏ ਹਨ। 10 ਜੁਲਾਈ ਨੂੰ ਨਜ਼ਰੀਆ ਪੰਨੇ ’ਤੇ ਸੁਖਮਿੰਦਰ ਸੇਖੋਂ ਦਾ ਲੇਖ ‘ਇਨਸਾਨੀਅਤ ਨੂੰ ਸਲਾਮ’ ਪ੍ਰੇਰਨਾਦਾਇਕ ਹੈ। ਸੱਚੀ ਇਨਸਾਨੀਅਤ ਇਸੇ ਨੂੰ ਕਹਿੰਦੇ ਹਨ, ਜਦੋਂ ਕੋਈ ਕਿਸੇ ਦੀ ਨਾ ਜਾਤ ਪੁੱਛੇ, ਨਾ ਧਰਮ, ਬਸ ਲੋੜ ਪੈਣ ’ਤੇ ਕੰਮ ਆਵੇ। ਕੋਈ ਵੱਡਾ-ਛੋਟਾ ਨਹੀਂ ਹੈ, ਸਭ ਬਰਾਬਰ ਹਨ। ਸਾਨੂੰ ਲੋੜ ਸਿਰਫ਼ ਆਪਣੀ ਸੋਚ ਬਦਲਣ ਦੀ ਹੈ।
ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
ਸਰੀਰ ਬਿਮਾਰ ਹੋਣ ਲਈ ਨਹੀਂ
10 ਜੁਲਾਈ ਨੂੰ ਸਿਹਤ ਤੇ ਸਿੱਖਿਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਸਾਡਾ ਸਰੀਰ ਬਿਮਾਰ ਹੋਣ ਲਈ ਨਹੀਂ ਬਣਿਆ’ ਪੜ੍ਹਿਆ। ਇਹ ਸੱਚ ਹੈ ਿਕ ਜਿੰਨਾ ਅਸੀਂ ਕੁਦਰਤ ਦੇ ਨੇੜੇ ਰਹਾਂਗੇ, ਓਨੇ ਹੀ ਤੰਦਰੁਸਤ ਰਹਾਂਗੇ। ਲੇਖ ਵਿਚ ਤੰਦਰੁਸਤ ਰਹਿਣ ਬਾਰੇ ਵਧੀਆ ਜਾਣਕਾਰੀ ਦਿੱਤੀ ਗਈ ਹੈ।
ਅਮਰਪਾਲ ਿਸੰਘ, ਅੰਮਿ੍ਰਤਸਰ
ਸਿੱਖਿਆ ਦਾ ਸੰਕਟ
7 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਡਾ. ਕੁਲਦੀਪ ਸਿੰਘ ਦੇ ਲੇਖ ‘ਪ੍ਰਾਈਵੇਟ ਸਕੂਲ ਫ਼ੀਸਾਂ ਅਤੇ ਸਿੱਖਿਆ ਦਾ ਸੰਕਟ’ ਵਿਚ ਸਿੱਖਿਆ ਦੇ ਵਪਾਰੀਕਰਨ, ਮਾਪਿਆਂ ਉੱਪਰ ਬੱਚਿਆਂ ਲਈ ਸਮਾਰਟਫ਼ੋਨ, ਲੈਪਟਾਪ ਤੇ ਇੰਟਰਨੈੱਟ ਦਾ ਦਬਾਅ, ਅਧਿਆਪਕਾਂ ਨਾਲ ਤਨਖ਼ਾਹ ਵਿਤਕਰਾ, ਨਵੀਆਂ ਮਾਨਸਿਕ ਸਭਿਆਚਾਰਕ ਅਤੇ ਸਮਾਜਿਕ ਉਲਝਣਾਂ ਆਦਿ ਬਾਰੇ ਨਿੱਠ ਕੇ ਵਿਚਾਰ ਪੇਸ਼ ਕੀਤੇ ਹਨ। ਅਮੀਰ ਗ਼ਰੀਬ ਦਾ ਪਾੜਾ ਨਿੱਤ ਦਿਨ ਵਧ ਰਿਹਾ ਹੈ, ਇਸੇ ਵਜ੍ਹਾ ਕਾਰਨ ਅਮੀਰਾਂ ਲਈ ਸਕੂਲ ਵੱਖਰੇ ਅਤੇ ਗ਼ਰੀਬਾਂ ਲਈ ਵੱਖਰੇ ਹੋ ਗਏ ਹਨ। ਇਸ ਮਾਮਲੇ ਵਿਚ ਅਲਾਹਾਬਾਦ ਹਾਈ ਕੋਰਟ ਦਾ ਫ਼ੈਸਲਾ ਕਾਰਗਰ ਸਾਬਤ ਹੋ ਸਕਦਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਹਰ ਸਰਕਾਰੀ ਮੁਲਾਜ਼ਮ/ਅਫ਼ਸਰ ਦਾ ਬੱਚਾ ਨੇੜਲੇ ਸਰਕਾਰੀ ਸਕੂਲਾਂ ਦਾ ਵਿਦਿਆਰਥੀ ਬਣਨਾ ਚਾਹੀਦਾ ਹੈ। ਇਉਂ ਇਹ ਲੋਕ ਆਪਣੇ ਬੱਚਿਆਂ ਦੀ ਮਿਆਰੀ ਪੜ੍ਹਾਈ ਲਈ ਆਪੇ ਯਤਨ ਕਰਨਗੇ। ਮਾਪਿਆਂ ਨੂੰ ਲਾਮਬੰਦ ਹੋ ਕੇ ਇਸ ਫ਼ੈਸਲੇ ਮੁਤਾਬਿਕ ਕਾਰਵਾਈ ਕਰਵਾਉਣ ਲਈ ਮੁਹਿੰਮ ਵਿੱਢਣੀ ਚਾਹੀਦੀ ਹੈ।
ਗੁਰਮੀਤ ਸਿੰਘ ਥੂਹੀ, ਈਮੇਲ
ਤਨਖਾਹਾਂ ਨਹੀਂ ਮਿਲੀਆਂ
ਪੰਜਾਬ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੀਆਂ ਕੁਝ ਸੰਸਥਾਵਾਂ ਵਿਚ ਅਧਿਆਪਕ ਅਤੇ ਹੋਰ ਕਰਮਚਾਰੀਆਂ ਦੀ ਨਵੰਬਰ 2019 ਤੋਂ ਲੈ ਕੇ ਪਿਛਲੇ ਮਹੀਨੇ ਦੀ ਤਨਖਾਹ ਵੀ ਉਨ੍ਹਾਂ ਦੇ ਖ਼ਾਤਿਆਂ ਿਵਚ ਨਹੀਂ ਪਾਈ ਗਈ। ਇਨ੍ਹਾਂ ਘਰਾਂ ਦੇ ਚੁੱਲ੍ਹੇ ਿਕਵੇਂ ਚਲਦੇ ਹੋਣਗੇ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਮਾਰਚ ਤੱਕ ਤਾਂ ਮੰਨਿਆ ਜਾ ਸਕਦਾ ਹੈ ਕਿ ਕਰੋਨਾ ਕਰ ਕੇ ਸਾਰੇ ਪਾਸੇ ਮਾਰ ਹੈ, ਪਰ ਇਸ ਤੋਂ ਪਹਿਲਾਂ ਦੇ ਚਾਰ ਮਹੀਨੇ ਨੂੰ ਵੀ ਕਰੋਨਾ ਦੇ ਪਰਦੇ ਹੇਠ ਹੀ ਲੁਕੋ ਲਿਆ ਗਿਆ ਹੈ। ਤਨਖਾਹਾਂ ਨਾ ਮਿਲਣ ਕਰਕੇ ਇਨ੍ਹਾਂ ਸੰਸਥਾਵਾਂ ਦੇ ਅਧਿਆਪਕ ਅਤੇ ਕਰਮਚਾਰੀ ਪ੍ਰੇਸ਼ਾਨੀ ਵਿਚੋਂ ਗੁਜ਼ਰ ਰਹੇ ਹਨ। ਇਨ੍ਹਾਂ ਸੰਸਥਾਵਾਂ ਦਾ ਡਾਇਰੈਕਟੋਰੇਟ ਬਣਿਆ ਹੋਇਆ, ਜਿਸ ਦਾ ਆਲੀਸ਼ਾਨ ਦਫਤਰ ਪਟਿਆਲਾ ਵਿਚ ਹੈ। ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਸ ਦਾ ਡਾਇਰੈਕਟਰ ਆਖ਼ਰ ਪ੍ਰਬੰਧ ਕਿਸ ਚੀਜ਼ ਦਾ ਕਰ ਰਿਹਾ ਹੈ? ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਨੂੰ ਇਸ ਮਾਮਲੇ ਿਵਚ ਦਖ਼ਲ ਦੇ ਕੇ ਮੁਲਾਜ਼ਮਾਂ ਦੀ ਮਦਦ ਕਰਨੀ ਚਾਹੀਦੀ ਹੈ।
ਚਰਨਜੀਤ ਸਿੰਘ, ਪਟਿਆਲਾ
ਖਜ਼ਾਨਾ ਖਾਲੀ ਕਰਨ ਅਤੇ ਭਰਨ ਵਾਲੇ
9 ਜੁਲਾਈ ਨੂੰ ਪਹਿਲੇ ਪੰਨੇ ’ਤੇ ਖ਼ਬਰ ਛਪੀ ਹੈ ਕਿ ਪੰਜਾਬ ਕੈਬਨਿਟ ਨੇ ਇੰਤਕਾਲ ਫੀਸ ਦੁੱਗਣੀ ਕਰਨ ਦਾ ਮਤਾ ਪਾਸ ਕਰ ਦਿੱਤਾ ਹੈ। ਬੜੀ ਮਾੜੀ ਗੱਲ ਹੈ ਿਕ ਿਕਸੇ ਵੀ ਵਜ਼ੀਰ ਨੇ ਇਸ ਲੋਕ ਮਾਰੂ ਫੈਸਲੇ ਰਾਹੀਂ ਖਜ਼ਾਨਾ ਭਰਨ ਦੇ ਤਰੀਕੇ ਦਾ ਿਵਰੋਧ ਨਹੀਂ ਕੀਤਾ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਲਗਾਤਾਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰਕੇ ਲੋਕਾਂ ਦਾ ਕਚੁੰੂਮਰ ਕੱਢ ਿਦੱਤਾ। ਪੰਜਾਬ ਸਰਕਾਰ ਨੇ ਬੱਸ ਕਿਰਾਏ ਿਵਚ ਵਾਧਾ ਕਰਕੇ ਜਨਤਾ ਨੂੰ ਝੰਜੋੜਿਆ ਹੈ। ਚੰਗਾ ਹੁੰਦਾ, ਿਜਨ੍ਹਾਂ ਨੇ ਖਜ਼ਾਨਾ ਖਾਲੀ ਕੀਤਾ, ਉਨ੍ਹਾਂ ਮੌਜੂਦਾ ਤੇ ਸਾਬਕਾ ਵਿਧਾਇਕਾਂ, ਮੰਤਰੀਆਂ ਦੀ ਤਨਖਾਹਾਂ, ਪੈਨਸ਼ਨਾਂ ਤੇ ਭੱਤਿਆਂ ਵਪਚ ਕਟੌਤੀ ਕਰਕੇ ਖਜ਼ਾਨਾ ਭਰਿਆ ਜਾਂਦਾ ਹੈ।
ਪਵਨ ਕੁਮਾਰ, ਸੋਗਲਪੁਰ (ਪਟਿਆਲਾ)