ਡਾ. ਸਾਹਿਬ ਸਿੰਘ
ਇਕ ਬਿਰਤਾਂਤ ਅਸੀਂ ਸਾਰਿਆਂ ਨੇ ਵਾਰ ਵਾਰ ਸੁਣਿਆ ਹੈ। ਮੱਖਣ ਸ਼ਾਹ ਲੁਬਾਣਾ ਦਾ ਜਹਾਜ਼ ਸਮੁੰਦਰ ਵਿਚ ਫਸ ਗਿਆ ਹੈ। ਉਹ ਗੁਰੂ ਧਿਆਉਂਦਾ ਹੈ, ਕੁਝ ਮੋਹਰਾਂ ਚੜ੍ਹਾਉਣ ਦੀ ਸੁਖਣਾ ਸੁੱਖਦਾ ਹੈ। ਗੁਰੂ ਜੀ ਆਪਣਾ ਮੋਢਾ ਦੇ ਕੇ ਜਹਾਜ਼ ਸਹੀ ਸਲਾਮਤ ਮੰਜ਼ਿਲ ’ਤੇ ਪਹੁੰਚਾ ਦਿੰਦੇ ਹਨ। ਹੁਣ ਮੱਖਣ ਸ਼ਾਹ ਮੋਹਰਾਂ ਲੈ ਕੇ ਸੁਖਣਾ ਸੁੱਖਣ ਬਾਬੇ ਬਕਾਲੇ ਪਹੁੰਚਿਆ ਹੈ। ਉੱਥੇ ਕਿੰਨੇ ਸਾਰੇ ਭੇਖੀ ਗੁਰੂ ਬਣੀ ਬੈਠੇ ਹਨ। ਤਰਕੀਬ ਲੜਾਉਂਦਾ ਹੈ ਤੇ ਇਕ ਇਕ ਮੋਹਰ ਹਰ ਇਕ ਅੱਗੇ ਰੱਖਦਾ ਹੈ, ਪਰ ਅੰਤ ਜਦੋਂ ਗੁਰੂ ਤੇਗ ਬਹਾਦਰ ਜੀ ਕੋਲ ਰੱਖਦਾ ਹੈ ਤਾਂ ਗੁਰੂ ਜੀ ਬਚਨ ਯਾਦ ਕਰਵਾਉਂਦੇ ਹਨ। ਮੱਖਣ ਸ਼ਾਹ ਗੁਰੂ ਲਾਧੋ ਰੇ ਦਾ ਐਲਾਨ ਕਰਦਾ ਹੈ। ਨਾਟਕਕਾਰ ਗੁਰਚਰਨ ਸਿੰਘ ਜਸੂਜਾ ਜਦੋਂ ‘ਮੱਖਣ ਸ਼ਾਹ’ ਨਾਟਕ ਲਿਖਦਾ ਹੈ ਤਾਂ ਉਹ ਇਸ ਬਿਰਤਾਂਤ ਨੂੰ ਮਨ ਵਿਚ ਵਸਾ ਕੇ ਇਕ ਦਾਰਸ਼ਨਿਕ ਬਿਰਤਾਂਤ ਸਿਰਜਦਾ ਹੈ। ਮੱਖਣ ਸ਼ਾਹ ਲੁਬਾਣਾ ਨੂੰ ਮੱਖਣ ਸ਼ਾਹ ਬਣਾ ਕੇ ਉਹ ਸੰਕੇਤਕ ਤੌਰ ’ਤੇ ਇਸਨੂੰ ਵਿਅਕਤੀਗਤ ਤੋਂ ਸਮੂਹਿਕ ਚੇਤਨਾ ਵਿਚ ਰੂਪਾਂਤਰਿਤ ਕਰ ਦਿੰਦਾ ਹੈ। ਨਾਟਕ ਦੇ ਇਕ ਸੰਵਾਦ ਰਾਹੀਂ ਉਹ ਮੱਖਣ ਸ਼ਾਹ ਦੇ ਅਰਥ ਇਵੇਂ ਪਰਿਭਾਸ਼ਤ ਕਰਦਾ ਹੈ:
ਵਿਵੇਕ ਸ਼ਾਹ- ਕਿਸ ਚਾਅ ਤੇ ਉਮੰਗ ਨਾਲ ਤੇਰਾ ਨਾਮ ਰੱਖਿਆ ਸੀ, ਮੱਖਣ! ਅੰਮ੍ਰਿਤ ਵਰਗੇ ਦੁੱਧ ਦਾ ਸ਼੍ਰੋਮਣੀ ਤੱਤ। ਅਸੀਂ ਸੋਚਦੇ ਸਾਂ ਕਿ ਜਿਸ ਤਰ੍ਹਾਂ ਮੱਖਣ ਸ਼ਾਨ ਨਾਲ ਛਾਛ (ਲੱਸੀ) ਉੱਤੇ ਤਰਦਾ ਹੈ, ਉਸੇ ਤਰ੍ਹਾਂ ਸਾਡਾ ਪੁੱਤਰ ਖਾਰੇ ਸਮੁੰਦਰਾਂ ’ਤੇ ਤਰਦਾ ਹੋਇਆ ਸਾਨੂੰ ਪਰਮ ਦੇਸ਼ ਲੈ ਜਾਵੇਗਾ।
ਨਾਟਕ ਉਸ ‘ਮੱਖਣ’ ਦੇ ਤਰਨ, ਡੁੱਬਣ, ਫਿਰ ਉੱਭਰਨ, ਪਾਰ ਹੋਣ ਦੇ ਸੰਘਰਸ਼ ਨੂੰ ਰੂਪਮਾਨ ਕਰਦਾ ਹੈ। ਵਿਵੇਕ ਸ਼ਾਹ ਉਸਦਾ ਪਿਤਾ ਹੈ। ਚੇਤਨਾ ਦੇਵੀ ਉਸਦੀ ਮਾਂ ਹੈ। ਬੁੱਧਾਂ ਰਾਣੀ ਉਸਦੀ ਪਤਨੀ ਹੈ। ਗਿਆਨ ਸ਼ਾਹ ਉਸਦਾ ਭਰਾ ਹੈ। ਸੱਤ, ਸੰਤੋਖ, ਪ੍ਰੇਮ ਜਹਾਜ਼ ਦੀ ਦਿਸ਼ਾ ਨਿਰਧਾਰਤ ਕਰਨ ਲਈ ਗਿਆਨ ਸ਼ਾਹ ਦੇ ਸਹਾਇਕ ਹਨ। ਇੱਕਾ, ਦੁੱਕਾ, ਤਿੱਕਾ, ਚੌਕਾ, ਪੰਜਾ ਰੂਪੀ 5 ਕਰਿੰਦੇ ਜਹਾਜ਼ ਰੂਪੀ ਸਰੀਰ ਦਾ ਮਹੱਤਵਪੂਰਨ ਹਿੱਸਾ ਹਨ, ਜਿਨ੍ਹਾਂ ਦੀ ਹੋਂਦ ਤੇ ਮਹੱਤਤਾ ਤੋਂ ਨਾਟਕ ਇਨਕਾਰੀ ਨਹੀਂ, ਪਰ ਇਨ੍ਹਾਂ ਦੇ ਬੇਕਾਬੂ ਹੋ ਜਾਣ ਦਾ ਖ਼ਤਰਾ ਵੀ ਦਰਸਾਉਂਦਾ ਹੈ। ਜਿਸ ਬਿਰਤਾਂਤ ਨੂੰ ਅਸੀਂ ਚਮਤਕਾਰੀ ਰੂਪ ਵਿਚ ਸੁਣਦੇ, ਪੜ੍ਹਦੇ, ਵਿਚਾਰਦੇ ਆਏ ਹਾਂ, ਜਸੂਜਾ ਉਸਨੂੰ ਜ਼ਿੰਦਗੀ ਦੇ ਨਜ਼ਦੀਕ ਰੱਖਦਿਆਂ ਸੰਘਣਾ ਅਤੇ ਤਾਰਕਿਕ ਬਣਾ ਦਿੰਦਾ ਹੈ।
ਨਾਟਕ ਦਾ ਸਥਾਨ ਠਾਠਾਂ ਮਾਰਦਾ ਸਮੁੰਦਰ ਅਤੇ ਉਸਦੀ ਹਿੱਕ ’ਤੇ ਤਰਦਾ ਇਕ ਛੋਟਾ ਜਹਾਜ਼ ਹੈ। ਨਾਟਕਕਾਰ ਜਹਾਜ਼ ਨੂੰ ਸਰੀਰ ਦੇ ਰੂਪ ਵਿਚ ਪੇਸ਼ ਕਰ ਰਿਹਾ ਹੈ ਤੇ ਵਿਸ਼ਾਲ ਸਮੁੰਦਰ ਇਹ ਸੰਸਾਰ ਹੈ। ਆਰੰਭ ਹੁੰਦਾ ਹੈ ਤਾਂ ਵਿਵੇਕ ਸ਼ਾਹ ਤੇ ਚੇਤਨਾ ਦੇਵੀ ਜਹਾਜ਼ ਦੇ ਤਖ਼ਤੇ ’ਤੇ ਖੜ੍ਹੇ ਹਨ। ਜਹਾਜ਼ੀ ਇਕ ਭਾਵਪੂਰਤ ਗੀਤ ਗਾ ਰਹੇ ਹਨ। ਦੋਵੇਂ ਇਸ ਗੱਲੋਂ ਖ਼ੁਸ਼ ਹਨ ਕਿ ਗਿਆਨ ਦੀ ਨਿਰਦੇਸ਼ਨਾ ਹੇਠ ਸਤ, ਸੰਤੋਖ, ਪ੍ਰੇਮ ਜਹਾਜ਼ ਨੂੰ ਸਹੀ ਅਗਵਾਈ ਦੇ ਰਹੇ ਹਨ ਤੇ ਮੱਖਣ ਸ਼ਾਹ ਉਨ੍ਹਾਂ ਦਾ ਸੁਪਨਾ ਜ਼ਰੂਰ ਪੂਰਾ ਕਰੇਗਾ। ਅਚਾਨਕ ‘ਪੰਜਾ’ ਆ ਕੇ ਜਹਾਜ਼ ਦੇ ਬਾਦਬਾਨ ਖੋਲ੍ਹਣ ਲੱਗਦਾ ਹੈ। ਗਿਆਨ ਨੂੰ ਇਸ ’ਤੇ ਇਤਰਾਜ਼ ਹੈ। ਪੰਜਾ ਜਹਾਜ਼ ਦੀ ਗਤੀ ਵਧਾਉਣੀ ਚਾਹੁੰਦਾ ਹੈ, ਉਸਨੂੰ ਕਾਹਲ ਪੈ ਰਹੀ ਹੈ। ਗਿਆਨ ਲਈ ਇਹ ਖ਼ਤਰੇ ਦਾ ਸੰਕੇਤ ਹੈ। ਉਹ ਸਖ਼ਤੀ ਨਾਲ ਪੰਜੇ ’ਤੇ ਕਾਬੂ ਕਰਦਾ ਹੈ ਤੇ ਅਜਿਹਾ ਨਾ ਕਰਨ ਦੀ ਤਾੜਨਾ ਕਰਦਾ ਹੈ। ਪ੍ਰੇਮ ਵੀ ਫ਼ਿਕਰਮੰਦ ਹੈ ਕਿ ਜੇ ਗਤੀ ਤੇਜ਼ ਕਰਕੇ ਜਹਾਜ਼ ਨੇ ਰਸਤਾ ਬਦਲ ਲਿਆ ਤਾਂ ਅਸੀਂ ਤੇਜ਼ ਤਰਾਰ ਪੱਛਮੀ ਹਵਾਵਾਂ ਦੀ ਮਾਰ ਹੇਠ ਆ ਜਾਵਾਂਗੇ ਤੇ ਜਹਾਜ਼ ਬੇਕਾਬੂ ਹੋ ਜਾਏਗਾ। ਚੇਤਨਾ ਫ਼ਿਕਰ ਕਰਦੀ ਹੈ ਕਿ ਇਹ 5 ਕਰਿੰਦੇ ਸਾਨੂੰ ਲੈ ਡੁੱਬਣਗੇ, ਪਰ ਗਿਆਨ ਦਾ ਇਹ ਸੰਵਾਦ ਗਹਿਰੇ ਅਰਥ ਉਜਾਗਰ ਕਰਦਾ ਹੈ,‘ਮਾਤਾ ਜੀ, ਜੇ ਸਾਡਾ ਆਪਣਾ ਪ੍ਰਬੰਧ ਠੀਕ ਹੋਵੇ ਤਾਂ ਇਹ ਸਗੋਂ ਮਦਦਗਾਰ ਸਾਬਤ ਹੋਣਗੇ।’
ਨਾਟਕ ਅਜਿਹੀਆਂ ਬਹੁਤ ਸਾਰੀਆਂ ਦਾਰਸ਼ਨਿਕ ਟਿੱਪਣੀਆਂ ਰਾਹੀਂ ਸਾਹਿਤਕ ਅਮੀਰੀ ਵਾਲਾ ਦਸਤਾਵੇਜ਼ ਬਣਦਾ ਹੈ। ਇਨ੍ਹਾਂ 5 ਕਰਿੰਦਿਆਂ ਦਾ ਕਾਰਜ ਭਿੰਨ ਹੈ, ਪਰ ਵਿਵਹਾਰ ਤੇ ਰੂਪ ਲਗਭਗ ਇਕੋ ਜਿਹਾ ਹੈ, ਫਿਰ ਇਨ੍ਹਾਂ ਦੀ ਪਛਾਣ ਕਿਵੇਂ ਕੀਤੀ ਜਾਵੇ! ਨਾਟਕਕਾਰ ਉਨ੍ਹਾਂ ਨੂੰ ਕਾਲੇ ਚੋਗੇ ਪਹਿਨਾ ਦਿੰਦਾ ਹੈ, ਪਰ ਪਾਠਕ/ਦਰਸ਼ਕ ਇਨ੍ਹਾਂ ਨੂੰ ਅਵਗੁਣ ਜਾਂ ਵਿਕਾਰ ਸਮਝਣ ਦਾ ਭੁਲੇਖਾ ਨਾ ਖਾ ਜਾਵੇ। ਉਹ ਕਾਲੇ ਚੋਗਿਆਂ ਦੇ ਅੱਗੇ ਪਿੱਛੇ ਚਿੱਟੇ ਧਾਗੇ ਨਾਲ ਇਕ, ਦੋ, ਤਿੰਨ, ਚਾਰ, ਪੰਜ ਉਕਰ ਦਿੰਦਾ ਹੈ। ਇਹ ਕੰਮ ਅਕਲ ਨੇ ਕਰਨਾ ਹੈ। ਇਸੇ ਲਈ ਨਾਟਕਕਾਰ ਇਹ ਜ਼ਿੰਮੇਵਾਰੀ ਬੁੱਧਾਂ ਰਾਣੀ ਨੂੰ ਦਿੰਦਾ ਹੈ। ਜਹਾਜ਼ ਦਾ ਪਹਿਲਾ ਪੜਾਅ ‘ਜੋਬਨਵਾੜੀ’ ਹੈ। ਉੱਥੇ ਪਹੁੰਚ ਕੇ ਮੱਖਣ ਸ਼ਾਹ ਨੇ ਪਰਮ ਦੇਸ਼ ਲਈ ਸੌਦਾ ਖ਼ਰੀਦਣਾ ਹੈ। ਗਿਆਨ ਤੇ ਵਿਵੇਕ ਉਸਨੂੰ ਇਹ ਸਮਝਾ ਰਹੇ ਹਨ ਕਿ ਇਹ ਸੌਦਾ ‘ਸੱਚ’ ਦਾ ਹੋਣਾ ਚਾਹੀਦਾ ਹੈ, ਪਰ ਨਾਲ ਹੀ ਜਾਣਦੇ ਹਨ ਕਿ ਮੱਖਣ ਨੂੰ ਅਜੇ ਸੱਚ ਦੀ ਪਰਖ ਤੇ ਪਛਾਣ ਕਰਨ ਦੀ ਜਾਚ ਸਿੱਖਣ ਦੀ ਲੋੜ ਹੈ। ਪਹਿਲਾ ਅੰਕ ਇਸ ਤਣਾਅ ’ਤੇ ਮੁੱਕਦਾ ਹੈ ਕਿ ਸੱਚ ਦੇ ਵਪਾਰੀਆਂ ਨੂੰ ਲੱਭਣਾ ਸੌਖਾ ਕੰਮ ਨਹੀਂ।
ਦੂਜੇ ਅੰਕ ਵਿਚ ਜਹਾਜ਼ ‘ਜੋਬਨਵਾੜੀ’ ਦੀ ਬੰਦਰਗਾਹ ’ਤੇ ਖੜ੍ਹਾ ਹੈ। ਮੱਖਣ ਸ਼ਾਹ ਜਲਦੀ ਜਲਦੀ ਸੌਦਾ ਕਰਨ ਦੀ ਕਾਹਲ ਵਿਚ ਹੈ। ਗਿਆਨ ਸ਼ਾਹ ਦਾ ਸਹਿਜ ਉਸਨੂੰ ਚੁੱਭਦਾ ਹੈ। ਚੇਤਨਾ ਤੇ ਵਿਵੇਕ ਦੀ ਮੱਤ ਤਰੱਕੀ ਦੇ ਰਾਹ ਦਾ ਰੋੜਾ ਭਾਸਦੀ ਹੈ। ਉਹ ਹੌਲੀ ਹੌਲੀ 5 ਕਰਿੰਦਿਆਂ ਦੀ ਜਕੜ ਵਿਚ ਆਉਣ ਲੱਗਦਾ ਹੈ। ਉਹ ਜਹਾਜ਼ ਨੂੰ ਸੱਚ ਦੀ ਥਾਂ ਕੱਚ ਨਾਲ ਭਰਕੇ ਪਰਮ ਦੇਸ਼ ਦੀ ਬਜਾਏ ‘ਸੋਨਾਪੁਰੀ’ ਜਾਣ ਦੀ ਸਲਾਹ ਦੇ ਰਹੇ ਹਨ। ਇਸ ਅੰਕ ਦੇ ਅੰਤ ਤਕ ਮੱਖਣ ਸ਼ਾਹ ਕਾਫ਼ੀ ਹੱਦ ਤਕ ਇਸ ਭੰਵਰ ’ਚ ਫਸ ਗਿਆ ਹੈ।
ਤੀਜੇ ਅੰਕ ਵਿਚ ਜਹਾਜ਼ ਬਹੁਤ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ। ਆਸਮਾਨ ਵਿਚ ਕਾਲੇ ਬੱਦਲ ਮੰਢਰਾਉਂਦੇ ਹੋਏ ਨਜ਼ਰ ਆ ਰਹੇ ਹਨ। ਪੰਜਾ ਗਤੀ ਹੋਰ ਵਧਾ ਰਿਹਾ ਹੈ। ਗਿਆਨ ਇਸ ਅੰਕ ਵਿਚ ਗ਼ੈਰਹਾਜ਼ਰ ਹੈ। ਬੁੱਧਾਂ ਨੇ ਚੁੱਪੀ ਧਾਰ ਲਈ ਹੈ। ‘5 ਵਿਕਾਰ’ ਜਦੋਂ ਮੂੰਹ ਜ਼ੋਰ ਹੋ ਜਾਣ ਤਾਂ ਬੁੱਧ ਚਕਰਾ ਜਾਂਦੀ ਹੈ, ਸੁੰਨ ਹੋ ਜਾਂਦੀ ਹੈ। ਇੱਥੇ ਨਾਟਕਕਾਰ ਨੇ ‘ਬੁੱਧ’ ਨੂੰ ਚੁੱਪ ਦੇ ਸਪੁਰਦ ਕਰ ਦਿੱਤਾ ਹੈ। ਹੁਣ ਨਾ ‘ਸੱਤ’ ਨਜ਼ਰ ਆ ਰਿਹਾ ਹੈ, ਨਾ ਸੰਤੋਖ! ਪ੍ਰੇਮ ਪਾਗਲ ਹੋ ਗਿਆ ਹੈ ਤੇ ਗਿਆਨ ਦੀ ਭਾਲ ਕਰ ਰਿਹਾ ਹੈ। ਮੱਖਣ ਸ਼ਾਹ ’ਤੇ ਕੋਈ ਅਸਰ ਨਹੀਂ ਹੋ ਰਿਹਾ। ਉਹ ਵਿਵੇਕ ਅਤੇ ਚੇਤਨਾ ਨਾਲ ਬਦਤਮੀਜ਼ੀ ਕਰਦਾ ਹੈ ਤੇ ਜਹਾਜ਼ ਨੂੰ ਤੇਜ਼ੀ ਨਾਲ ਸੋਨਾਪੁਰੀ ਵੱਲ ਲੈ ਕੇ ਜਾ ਰਿਹਾ ਹੈ।
ਆਖਰੀ ਅੰਕ ਵਿਚ ਜਹਾਜ਼ ਤੂਫ਼ਾਨ ’ਚ ਘਿਰ ਗਿਆ ਹੈ। ਵਿਵੇਕ, ਚੇਤਨਾ ਤੇ ਗਿਆਨ ਨਾਲੋਂ ਜਦੋਂ ਵੀ ਨਾਤਾ ਟੁੱਟੇਗਾ, ਮਨੁੱਖ ਤੂਫ਼ਾਨ ’ਚ ਫਸੇਗਾ। ਜਹਾਜ਼ ਦੇ ਡੁੱਬਣ ਦਾ ਖ਼ਤਰਾ ਹੈ। ਮੱਖਣ ਵਿਵੇਕ ਦਾ ਬੂਹਾ ਖੜਕਾਉਂਦਾ ਹੈ। ਉਹ ਪਛਤਾਵਾ ਕਰਦਾ ਹੈ। ਪਛਤਾਵੇ ਦੀ ਘੜੀ ‘ਬੁੱਧ’ ਚੁੱਪੀ ਤੋੜਦੀ ਹੈ ਤੇ ਬੁੱਧਾਂ ਰਾਣੀ ਪਰਦਾਫਾਸ਼ ਕਰਦੀ ਹੈ ਕਿ 5 ਕਰਿੰਦਿਆਂ ਨੇ ਸੱਤ, ਸੰਤੋਖ, ਗਿਆਨ ਨੂੰ ਜਹਾਜ਼ ਦੇ ਭੋਰੇ ਅੰਦਰ ਕੈਦ ਕਰ ਰੱਖਿਆ ਹੈ। ਮੱਖਣ ਗਿਆਨ ਦੇ ਪੈਰੀਂ ਪੈਂਦਾ ਹੈ ਤੇ ਮਦਦ ਮੰਗਦਾ ਹੈ। ਗਿਆਨ ਸੱਤ ਸੰਤੋਖ ਪ੍ਰੇਮ ਦਾ ਸਾਥ ਚਾਹੁੰਦਾ ਹੈ। ਚੇਤਨਾ ਪ੍ਰੇਮ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਬੁੱਧਾਂ ਸੱਤ ਸੰਤੋਖ ਨੂੰ ਮਨਾਉਣ ਜਾਂਦੀ ਹੈ। ਗਿਆਨ ਇਸ ਨਤੀਜੇ ’ਤੇ ਪਹੁੰਚਦਾ ਹੈ ਕਿ ਜਹਾਜ਼ ਕਿਸੇ ਵਾਧੂ ਬੋਝ ਕਾਰਨ ਵਿਤੋਂ ਵੱਧ ਲੱਦਿਆ ਹੋਇਆ ਹੈ, ਇਸਨੂੰ ਖਾਲੀ ਕਰਨਾ ਪਏਗਾ ਤਾਂ ਹੀ ਤਰ ਸਕੇਗਾ। 5 ਕਰਿੰਦਿਆਂ ਨੂੰ ‘ਹੁਕਮ’ ਦਿੱਤਾ ਜਾਂਦਾ ਹੈ ਕਿ ਜਹਾਜ਼ ’ਚ ਲੱਦਿਆ ‘ਕੱਚ’ ਸਮੁੰਦਰ ਵਿਚ ਸੁੱਟ ਦਿੱਤਾ ਜਾਵੇ। ਜਹਾਜ਼ ਫਿਰ ਹੌਲਾ ਹੋ ਤਰਨ ਲੱਗਦਾ ਹੈ। ਮੱਖਣ ਸ਼ਾਹ ਗੁਰੂ ਅੱਗੇ ਕੀਤੀ ਅਰਦਾਸ ਲਈ ਸ਼ੁਕਰਾਨਾ ਕਰਦਾ ਹੈ ਤੇ ਇੱਥੇ ਨਾਟਕਕਾਰ ਇਕ ਹੋਰ ਦਾਰਸ਼ਨਿਕ ਛੋਹ ਦਿੰਦਾ ਹੈ ਜਦੋਂ ਗਿਆਨ ਸ਼ਾਹ ਇਹ ਕਹਿੰਦਾ ਹੈ ਕਿ ਹੁਣ ਜਹਾਜ਼ ਨੂੰ ਪਰਮ ਦੇਸ਼ ਲੈ ਕੇ ਜਾਣ ਤੋਂ ਪਹਿਲਾਂ ‘ਪਰਿਸ਼ਰਮ ਪੜਾਅ’ ਵੱਲ ਲੈ ਕੇ ਜਾਣਾ ਪਵੇਗਾ। ਸੱਚੀ ਸੁੱਚੀ ਮਿਹਨਤ ਕਰਕੇ ਫਿਰ ਸੱਚ ਦਾ ਸੌਦਾ ਕਰਨਾ ਹੈ, ਪਾਰ ਤਾਂ ਹੀ ਪਹੁੰਚਿਆ ਜਾਣਾ ਹੈ।
ਸੰਪਰਕ: 98880-11096