ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 22 ਜੁਲਾਈ
ਲਾਗਲੇ ਪਿੰਡ ਹਰਾਜ ਵਿੱਚ ਕਰੀਬ ਹਫ਼ਤਾ ਪਹਿਲਾਂ ਬਣੀ ਫਿਰਨੀ ਟੁੱਟਣੀ ਸ਼ੁਰੂ ਹੋ ਗਈ ਹੈ। ਪਿੰਡ ਵਾਸੀ ਦਵਿੰਦਰ ਸਿੰਘ, ਗੁਰਲਾਭ ਸਿੰਘ, ਬਲਦੇਵ ਸਿੰਘ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ ਇਕ ਕਿਲੋਮੀਟਰ ਦੀ ਇਸ ਫਿਰਨੀ ਵਿੱਚ ਥਾਂ-ਥਾਂ ਟੋਏ ਬਣ ਗਏ ਹਨ। ਕਿਨਾਰੇ ਭੁਰ ਗਏ ਹਨ। ਉਨ੍ਹਾਂ ਦੱਸਿਆ ਕਿ ਸੜਕ ਬਣਾਉਣ ਵੇਲੇ ਠੇਕੇਦਾਰ ਨੇ ਕਥਿਤ ਤੌਰ ’ਤੇ ਨਾ ਤਾਂ ਮਿੱਟੀ ਸਾਫ ਕੀਤੀ ਤੇ ਨਾ ਹੀ ਪੱਥਰ ਦੀ ਕੁਟਾਈ ਕੀਤੀ। ਇਸ ਤਰ੍ਹਾਂ ਸੜਕ ਬਣਾਉਣ ’ਤੇ ਪੀਡਬਲਿਊਡੀ, ਬੀ ਐਂਡ ਆਰ ਦਾ ਲੱਗਿਆ ਲੱਖਾਂ ਰੁਪਇਆ ਵੀ ਬਰਬਾਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 2019 ਵਿੱਚ ਪਿੰਡ ਵੜਿੰਗ ਤੋਂ ਹਰਾਜ ਤੱਕ ਬਣਾਈ ਸੜਕ ਵੀ ਬਿਲਕੁਲ ਟੁੱਟ ਗਈ। ਇਸ ਕਰਕੇ ਪਿੰਡ ਵਾਸੀਆਂ ਦਾ ਦੂਜੇ ਪਿੰਡਾਂ ਨਾਲ ਸੰਪਰਕ ਟੁੱਟ ਗਿਆ ਹੈ। ਉਨ੍ਹਾਂ ਸਰਕਾਰ ਤੋਂ ਇਸ ਸੜਕ ਨਿਰਮਾਣ ‘ਚ ਹੋਈ ਕੁਤਾਹੀ ਬਦਲੇ ਕਾਰਵਾਈ ਦੀ ਮੰਗ ਕਰਦਿਆਂ ਸੜਕ ਦੇ ਮੁੜ ਨਿਰਮਾਣ ਦੀ ਮੰਗ ਕੀਤੀ ਹੈ। ਠੇਕੇਦਾਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਸੜਕ ਦੇ ਨਿਰਮਾਣ ‘ਚ ਕਿਸੇ ਤਰ੍ਹਾਂ ਦੀ ਕੁਤਾਹੀ ਨਹੀਂ ਕੀਤੀ ਗਈ। ਸੜਕ ਉਪਰ ਪਾਣੀ ਲੰਘਾਉਣ ਲਈ ਜੋ ਪਾਈਪਾਂ ਪਾਈਆਂ ਹਨ ਉਥੋਂ ਪੱਥਰ ਬਹਿ ਗਿਆ ਹੈ ਜਿਹੜਾ ਬਾਰਸ਼ਾਂ ਤੋਂ ਬਾਅਦ ਠੀਕ ਕੀਤਾ ਜਾਵੇਗਾ ਤੇ ਨਾਲ ਹੀ ਬਰਮ ਬਣਾਏ ਜਾਣਗੇ।