ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਜੂਨ
ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਜਫਰਉਲਾ ਖਾਨ ਅਤੇ ਮੈਂਬਰਾਂ ਕਰਤਾਰ ਸਿੰਘ ਕੋਛੜ ਤੇ ਮੈਡਮ ਅਨਸਥਿਆ ਗਿੱਲ ਵੱਲੋਂ ਦਿੱਲੀ ਵਿਚ ਘੱਟ ਗਿਣਤੀ ਫਿਰਕੇ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਲਈ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਪਹਿਲਕਦਮੀ ਕੀਤੀ ਗਈ ਹੈ। ਇਸੇ ਸਿਲਸਿਲੇ ’ਚ ‘ਸਪੋਰਟਰਜ਼ ਆਫ ਮਨਿਓਰਟੀਜ਼’ ਲੜੀ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਆਲ ਇੰਡੀਆ ਵਿਸ਼ਵਕਰਮਾ ਫੈਡਰੇਸ਼ਨ ਦੇ ਸਰਪ੍ਰਸਤ, ਉਦਯੋਗਪਤੀ ਤੇ ਸਮਾਜ ਸੇਵੀ ਗੁਰਮਿੰਦਰ ਸਿੰਘ ਮਥਾਰੂ ਨੂੰ ਸਨਮਾਨਿਤ ਕੀਤਾ ਗਿਆ। ਕਮਿਸ਼ਨ ਵਲੋਂ ਗੁਰਮਿੰਦਰ ਸਿੰਘ ਮਥਾਰੂ ਨੂੰ ਉਨ੍ਹਾਂ ਵਲੋਂ ਦੇਸ਼ ਵਿਚ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਕੰਮ ਕਰਨ ਖਾਤਰ ਇਹ ਸਨਮਾਨ ਦਿੱਤਾ ਗਿਆ।
ਇਸ ਮੌਕੇ ਸ੍ਰੀ ਮਥਾਰੂ ਨੇ ਦੱਸਿਆ ਕਿ ਉਹ ਆਪਣੇ ਪਿਤਾ ਰੇਸ਼ਮ ਸਿੰਘ ਮਥਾਰੂ ਦੇ ਪਾਏ ਪੂਰਨਿਆਂ ’ਤੇ ਚਲਦੇ ਹੋਏ ਆਪਣੇ ਦਸਵੰਧ ਦੀ ਰਕਮ ਗਰੀਬ ਤੇ ਲੋੜਵੰਦ ਵਿਦਿਆਰਥੀਆਂ ਦੀ ਸਿੱਖਿਆ ਪ੍ਰਾਪਤੀ ਲਈ ਮਦਦ ਦੇ ਰੂਪ ਵਿਚ ਖਰਚ ਕਰਦੇ ਹਨ। ਉਨ੍ਹਾਂ ਵਲੋਂ ਕੀਤੀ ਇਸ ਮਦਦ ਸਦਕਾ ਅੱਜ ਅਨੇਕਾਂ ਵਿਦਿਆਰਥੀ ਵੱਖ ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰ ਕੇ ਦੇਸ਼-ਵਿਦੇਸ਼ਾਂ ਵਿਚ ਜਿਥੇ ਆਪਣੇ ਦੇਸ਼, ਕੌਮ ਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਰਹੇ ਹਨ, ਉਥੇ ਆਪਣੇ ਜੀਵਨ ਮਿਆਰ ਨੂੰ ਵੀ ਉੱਚਾ ਕਰ ਰਹੇ ਹਨ।