ਜਸਵੰਤ ਜੱਸ
ਫਰੀਦਕੋਟ, 30 ਜੂਨ
1962 ਵਿੱਚ ਭਾਰਤ-ਚੀਨ ਦੀ ਜੰਗ ਦੌਰਾਨ ਚੀਨੀ ਫੌਜ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਣ ਮਗਰੋਂ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪਿੰਡ ਦੇ ਕੁਝ ਪ੍ਰਭਾਵਸ਼ਾਲੀ ਲੋਕ ਜਬਰਦਸਤੀ ਉਸ ਦੇ ਘਰ ਉੱਪਰ ਕਬਜ਼ਾ ਕਰਨਾ ਚਾਹੁੰਦੇ ਹਨ। ਪਰਿਵਾਰਕ ਮੈਂਬਰਾਂ ਨੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ।
ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਭਤੀਜੇ ਕੇਵਲ ਸਿੰਘ ਅਤੇ ਪੋਤਰੀ ਸ਼ਰਨਜੀਤ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਜਦੋਂ ਸੂਬੇਦਾਰ ਜੋਗਿੰਦਰ ਸਿੰਘ ਨੂੰ ਸ਼ਹੀਦੀ ਉਪਰੰਤ ਪਰਮਵੀਰ ਚੱਕਰ ਨਾਲ ਨਿਵਾਜਿਆ ਸੀ ਤਾਂ ਉਸ ਤੋਂ ਬਾਅਦ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸੂਬੇਦਾਰ ਜੋਗਿੰਦਰ ਸਿੰਘ ਦੇ ਪਰਿਵਾਰ ਨੂੰ 15 ਕਿੱਲੇ ਜ਼ਮੀਨ ਇਨਾਮ ਵਿੱਚ ਦਿੱਤੀ ਸੀ। ਇਸ ਜ਼ਮੀਨ ਦੇ ਇੱਕ ਹਿੱਸੇ ਵਿੱਚ ਹੁਣ ਕੇਵਲ ਸਿੰਘ ਅਤੇ ਉਸ ਦੀ ਲੜਕੀ ਸ਼ਰਨਜੀਤ ਕੌਰ ਰਹਿ ਰਹੇ ਹਨ।
ਇਨ੍ਹਾਂ ਦੋਵਾਂ ਵਾਰਸਾਂ ਨੇ ਦੋਸ਼ ਲਾਇਆ ਕਿ ਪਿੰਡ ਦੇ ਦੋ ਵਿਅਕਤੀਆਂ ਨੇ ਇੱਕ ਦਿਨ ਪਹਿਲਾਂ ਉਨ੍ਹਾਂ ਦੇ ਘਰ ਉੱਪਰ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਰ ਵਿੱਚ ਪਹਿਲਾਂ ਸੂਬੇਦਾਰ ਜੋਗਿੰਦਰ ਸਿੰਘ ਪਤਨੀ ਗੁਰਦਿਆਲ ਕੌਰ ਵੀ ਰਹਿੰਦੀ ਸੀ ਜਿਸ ਦੀ ਚਾਰ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਇੱਥੇ ਕੇਵਲ ਸਿੰਘ ਤੇ ਸ਼ਰਨਜੀਤ ਕੌਰ ਵੀ ਰਹਿ ਰਹੇ ਹਨ।
ਸ਼ਹੀਦ ਦੇ ਵਾਰਸਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ ਅਤੇ ਜਬਰਦਸਤੀ ਕਬਜ਼ਾ ਕਰਨ ਵਾਲਿਆਂ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੂਬੇਦਾਰ ਜੋਗਿੰਦਰ ਸਿੰਘ 23 ਅਕਤੂਬਰ 1962 ਨੂੰ ਚੀਨੀ ਫੌਜੀਆਂ ਨਾਲ ਬਹਾਦਰੀ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ ਅਤੇ ਉਸ ਦੀ ਮ੍ਰਿਤਕ ਦੇਹ ਵੀ ਭਾਰਤ ਨਹੀਂ ਆਈ ਸੀ। ਬਾਅਦ ਵਿੱਚ 17 ਮਈ 1963 ਨੂੰ ਚੀਨ ਦੀ ਸਰਕਾਰ ਨੇ ਸੂਬੇਦਾਰ ਜੋਗਿੰਦਰ ਸਿੰਘ ਦੀ ਅਸਥੀਆਂ ਪੂਰੇ ਸਨਮਾਨਾਂ ਨਾਲ ਭਾਰਤ ਨੂੰ ਸੌਂਪ ਦਿੱਤੀਆਂ ਸਨ।