ਕਰਮਜੀਤ ਸਿੰਘ ਚਿੱਲਾ
ਬਨੂੜ, 5 ਜੂਨ
ਕਿਰਤ ਵਿਭਾਗ ਵੱਲੋਂ ਦਿੱਤੀਆਂ ਸਹੂਲਤਾਂ ਹਾਸਲ ਕਰਨ ਲਈ ਉਸਾਰੀ ਮਜ਼ਦੂਰਾਂ ਅਤੇ ਕਿਰਤੀਆਂ ਦੀਆਂ ਇੱਥੋਂ ਦੇ ਵਾਰਡ ਨੰਬਰ ਸੱਤ ਦੇ ਪੁਰਾਣੇ ਹਸਪਤਾਲ ਨੇੜੇ ਖੁੱਲ੍ਹੇ ਹੋਏ ਸੁਵਿਧਾ ਕੇਂਦਰ ਦੇ ਬਾਹਰ ਲਾਈਨਾਂ ਲੱਗ ਰਹੀਆਂ ਹਨ। ਆਨਲਾਈਨ ਫ਼ਾਰਮ ਜਮ੍ਹਾਂ ਕਰਾਉਣ ਲਈ ਹੱਥਾਂ ਵਿੱਚ ਦਸਤਾਵੇਜ਼ ਤੇ ਫ਼ਾਰਮ ਚੁੱਕੀ ਫ਼ਿਰਦੇ ਲੋਕ ਜਲਦੀ ਵਾਰੀ ਆਉਣ ਦੀ ਉਡੀਕ ਵਿੱਚ ਸਵੇਰੇ ਸੱਤ ਵਜੇ ਹੀ ਆ ਕੇ ਖੜ੍ਹ ਜਾਂਦੇ ਹਨ, ਜਦਕਿ ਸੁਵਿਧਾ ਕੇਂਦਰ ਨੇ 9 ਵਜੇ ਖੁੱਲਦਾ ਹੁੰਦਾ ਹੈ। ਭੀੜ ਅਤੇ ਧੁੱਪ ਕਾਰਨ ਸਮਾਜਿਕ ਵਿੱਥ ਦੇ ਨਿਯਮ ਦੀ ਪਾਲਣਾ ਵੀ ਨਹੀਂ ਹੋ ਰਹੀ। ਸੁਵਿਧਾ ਕੇਂਦਰ ਦੇ ਬਾਹਰ ਵਿੱਥ ’ਤੇ ਖੜ੍ਹਨ ਲਈ ਨਿਸ਼ਾਨ ਵੀ ਨਹੀਂ ਲਗਾਏ ਗਏ ਹਨ। ਕਾਰਡ ਬਣਾਉਣ ਵਾਲਿਆਂ ਨੇ ਆਨਲਾਈਨ ਫ਼ਾਰਮ ਜਮ੍ਹਾਂ ਕਰਾਉਣ ਦੀ ਵੀ ਮੰਗ ਕੀਤੀ ਹੈ। ਸੁਵਿਧਾ ਕੇਂਦਰ ਦੀ ਇੰਚਾਰਜ ਪਰਮਿੰਦਰ ਕੌਰ ਨੇ ਆਖਿਆ ਕਿ ਜ਼ਿਆਦਾਤਰ ਲੇਬਰ ਕਾਰਡ ਬਣਾਉਣ ਵਾਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਾਇਆ ਗਿਆ ਹੈ।