ਕਰਮਜੀਤ ਸਿੰਘ ਚਿੱਲਾ
ਬਨੂੜ, 30 ਜੂਨ
ਗਿਆਨ ਸਾਗਰ ਹਸਪਤਾਲ ਵਿੱਚੋਂ ਅੱਜ 10 ਕਰੋਨਾ ਪੀੜਤਾਂ ਨੂੰ ਇਲਾਜ ਮੁਕੰਮਲ ਹੋਣ ਉਪਰੰਤ ਘਰ ਭੇਜ ਦਿੱਤਾ ਗਿਆ। ਇਨ੍ਹਾਂ ਵਿੱਚ ਤਿੰਨ ਬੱਚੇ ਅਤੇ ਤਿੰਨ ਔਰਤਾਂ ਸ਼ਾਮਿਲ ਹਨ। ਜਿਨ੍ਹਾਂ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਉਨ੍ਹਾਂ ਵਿੱਚ ਨੌਂ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬਧੌਛੀ ਕਲਾਂ ਦੇ ਹਨ। ਇਨ੍ਹਾਂ ਵਿੱਚ ਚਾਰ ਸਾਲ ਦਾ ਅਬਦਸ, ਅੱਠ ਸਾਲ ਦਾ ਯਾਸੀਦ ਅਲੀ, 14 ਵਰ੍ਹਿਆਂ ਦੀ ਯਸ਼ਮੀਨ ਤੋਂ ਇਲਾਵਾ ਰਾਜਿੰਦਰ ਕੌਰ, ਮਨਸੂਰ ਅਲੀ, ਸਾਰੀਆ ਖਾਨ, ਸਰਫ਼ਰਾਜ ਅਲੀ ਅਤੇ ਵਿਕਰਮਜੀਤ ਸਿੰਘ ਸ਼ਾਮਿਲ ਹਨ। ਦਸਵਾਂ ਮਰੀਜ਼ 23 ਸਾਲਾ ਚਿਰਾਜ ਗੁਜਰਾਤ ਦੇ ਅਹਿਮਦਾਬਾਦ ਦਾ ਵਸਨੀਕ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਸਪੀਐੱਸ ਗੁਰਾਇਆ ਨੇ ਦੱਸਿਆ ਕਿ ਹਸਪਤਾਲ ਵਿੱਚ ਇਲਾਜ ਅਧੀਨ ਬਾਕੀ ਮਰੀਜ਼ਾਂ ਦੀ ਹਾਲਤ ਵੀ ਸਥਿਰ ਹੈ। ਉਨ੍ਹਾਂ ਦੱਸਿਆ ਕਿ ਘਰ ਭੇਜੇ ਗਏ ਮਰੀਜ਼ਾਂ ਨੂੰ ਹਫ਼ਤਾ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਸਥਾਨਕ ਜ਼ਿਲ੍ਹੇ ਵਿਚ ਅੱਜ ਕੋਈ ਨਵਾਂ ਕਰੋਨਾ ਕੇਸ ਨਹੀਂ ਆਇਆ ਬਲਕਿ 19 ਮਰੀਜ਼ਾਂ ਦੀ ਠੀਕ ਹੋਣ ਤੋਂ ਬਾਅਦ ਹਸਪਤਾਲ ਵਿਚੋਂ ਛੁੱਟੀ ਕੀਤੀ ਗਈ ਹੈ। ਹੁਣ ਕੇਵਲ 23 ਐਕਟਿਵ ਮਰੀਜ਼ ਇਲਾਜ ਅਧੀਨ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 292 ਹੋ ਗਈ ਹੈ।
ਖੇਤਰ ਦੇ ਇਲਾਕਿਆਂ ਵਿੱਚ ਸੈਨੇਟਾਈਜੇਸ਼ਨ ਮੁਹਿੰਮ
ਚੰਡੀਗੜ੍ਹ (ਮੁਕੇਸ਼ ਕੁਮਾਰ): ਨਗਰ ਨਿਗਮ ਸ਼ਹਿਰ ਵਿੱਚ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਨਿਗਮ ਦੇ ਸੈਨੀਟੇਸ਼ਨ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਸਫਾਈ ਵਿਵਸਥਾ ਦੇ ਨਾਲ ਨਾਲ ਕਰੋਨਾ ਦੇ ਲਾਗ ਨੂੰ ਫੈਲਣ ਤੋਂ ਰੋਕਣ ਲਈ ਨਗਰ ਨਿਗਮ ਦੇ ਸੈਨੀਟੇਸ਼ਨ ਵਿੰਗ ਦੀਆਂ ਟੀਮਾਂ ਵਲੋਂ ਆਪਣੇ ਆਪਣੇ ਇਲਾਕਿਆਂ ਵਿੱਚ ਸੈਨੇਟਾਈਜੇਸ਼ਨ ਕੀਤੀ ਜਾ ਰਹੀ ਹੈ। ਨਿਗਮ ਪ੍ਰਸ਼ਾਸਨ ਅਨੁਸਾਰ ਸ਼ਹਿਰ ਵਾਸੀ ਸੈਨੀਟਾਈਜੇਸ਼ਨ ਕਰਵਾਉਣ ਲਈ ਨਿਗਮ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਨਿਗਮ ਦੀ ਟੀਮ ਸੈਨੀਟਾਈਜੇਸ਼ਨ ਕਰਨ ਲਈ ਹਾਜ਼ਰ ਹੋ ਜਾਵੇਗੀ।
ਵਿਆਹ ਦੀਆਂ ਤਿਆਰੀਆਂ ਬੰਦ ਕਰਵਾਈਆਂ
ਅੰਬਾਲਾ ਛਾਉੇਣੀ ਦੇ ਆਜ਼ਾਦ ਨਗਰ ਵਿਚ ਅੱਜ ਇਕ ਘਰ ਵਿਚ ਚੱਲ ਰਹੀਆਂ ਵਿਆਹ ਸਮਾਗਮ ਦੀਆਂ ਤਿਆਰੀਆਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਰੁਕਵਾ ਦਿੱਤੀਆਂ। ਇਲਾਕੇ ਨੂੰ 28 ਜੁਲਾਈ ਤੱਕ ਕੁਆਰਨਟਾਈਨ ਕੀਤਾ ਗਿਆ ਸੀ। ਸਮਾਗਮ ਵਾਲੇ ਘਰ ਦੇ ਬਾਹਰ ਵੀ ਇਸ ਸਬੰਧੀ ਨੋਟਿਸ ਲੱਗਿਆ ਹੋਇਆ ਸੀ। ਇਸ ਦੇ ਬਾਵਜੂਦ ਪਰਿਵਾਰ ਦੇ ਲੋਕ ਇਧਰ ਉਧਰ ਫਿਰ ਰਹੇ ਸਨ। ਪੁਲੀਸ ਨੇ ਮੁਸਤੈਦੀ ਦਿਖਾਉਂਦਿਆਂ ਸਮਾਗਮ ਨੂੰ ਰੁਕਵਾਇਆ ਤੇ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਹਦਾਇਤ ਕੀਤੀ।