ਨਵੀਂ ਦਿੱਲੀ, 18 ਜੂਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਇੱਕ ਸਵਾਲ ਦੇ ਜਵਾਬ ’ਚ ਕਿਹਾ ਕਿ ਚੀਨ ਨਾਲ ਲੱਗਦੀ ਸਰਹੱਦ ਦੀ ਰਾਖੀ ਕਰ ਰਹੇ ਸਾਰੇ ਭਾਰਤੀ ਜਵਾਨਾਂ ਕੋਲ ਹਥਿਆਰ ਹੁੰਦੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ 1996 ਤੇ 2005 ’ਚ ਹੋਏ ਦੁਵੱਲੇ ਸਮਝੌਤਿਆਂ ਅਨੁਸਾਰ ਦੋਵਾਂ ਮੁਲਕਾਂ ਦੀਆਂ ਫੌਜਾਂ ਗੋਲੀਬਾਰੀ ਵਾਲੇ ਹਥਿਆਰਾਂ ਦੀ ਵਰਤੋਂ ਨਹੀਂ ਕਰ ਸਕਦੀਆਂ। ਰਾਹੁਲ ਗਾਂਧੀ ਵੱਲੋਂ ਸਵਾਲ ਕੀਤੇ ਜਾਣ ਮਗਰੋਂ ਜੈਸ਼ੰਕਰ ਨੇ ਟਵੀਟ ਕੀਤਾ, ‘ਅਸੀਂ ਤੱਥ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ। ਸਰਹੱਦੀ ਡਿਊਟੀ ’ਤੇ ਸਾਰੇ ਫੌਜੀ ਹਮੇਸ਼ਾ ਆਪਣੇ ਕੋਲ ਹਥਿਆਰ ਰੱਖਦੇ ਹਨ, ਖਾਸ ਕਰਕੇ ਜਦੋਂ ਉਹ ਚੌਕੀ ਤੋਂ ਬਾਹਰ ਨਿਕਲਦੇ ਹਨ। ਜਵਾਨਾਂ ਨੇ 15 ਜੂਨ ਨੂੰ ਗਲਵਾਨ ’ਚ ਵੀ ਅਜਿਹਾ ਕੀਤਾ ਸੀ। ਲੰਮੇ ਸਮੇਂ ਤੋਂ ਚੱਲੇ ਆ ਰਹੇ ਨਿਯਮ (1996 ਤੇ 2005 ਦੇ ਸਮਝੌਤੇ) ਅਨੁਸਾਰ ਝੜਪ ਦੌਰਾਨ ਬੰਦੂਕਾਂ ਆਦਿ ਵਰਗੇ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।’ ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਲੱਦਾਖ ’ਚ ਚੀਨੀ ਫੌਜੀਆਂ ਨਾਲ ਹਿੰਸਕ ਝੜਪ ’ਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਦੀ ਘਟਨਾ ਮਗਰੋਂ ਸਰਕਾਰ ਨੂੰ ਸਵਾਲ ਕੀਤਾ ਸੀ ਕਿ ਭਾਰਤੀ ਜਵਾਨਾਂ ਨੂੰ ਸਰਹੱਦ ’ਤੇ ਨਿਹੱਥੇ ਕਿਉਂ ਭੇਜਿਆ ਗਿਆ।