ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜੂਨ
ਓਖਲਾ ਸਥਿਤ ਪੀਟੀਸੀ ਨਿਊਜ਼ ਚੈਨਲ ਦੇ ਮੁੱਖ ਐਂਕਰ ਤੇ ਸੀਨੀਅਰ ਪੱਤਰਕਾਰ ਦਵਿੰਦਰਪਾਲ ਸਿੰਘ ਦੀ ਕਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਦਵਿੰਦਰ ਪਾਲ ਪਹਿਲਾਂ ਵੀ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਰਿਹਾ ਸੀ ਤੇ ਉਸ ਦਾ ਇਕ ਗੁਰਦਾ ਬਦਲਿਆ ਗਿਆ ਸੀ ਤੇ ਊਹ ਵੀ ਹੁਣ ਪਹਿਲਾਂ ਨਾਲੋਂ ਘੱਟ ਕੰਮ ਕਰ ਰਿਹਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਬਲਵੰਤ ਸਿੰਘ ਰਾਮੂਵਾਲੀਆ ਸਮੇਤ ਹੋਰ ਸ਼ਖ਼ਸੀਅਤਾਂ ਵੱਲੋਂ ਦਵਿੰਦਰਪਾਲ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਦਵਿੰਦਰ ਨੂੰ ਉਸ ਦੇ ਪਿਤਾ ਨੇ ਆਪਣਾ ਗੁਰਦਾ ਦਾਨ ਦਿੱਤਾ ਸੀ ਪਰ ਬੀਤੇ ਮਹੀਨੇ ਦਿੱਲੀ ’ਚ ਉਹ ਕਰੋਨਾ ਦੀ ਲਾਗ ਕਾਰਨ ਗੰਭੀਰ ਬਿਮਾਰ ਹੋ ਗਿਆ। ਉਸ ਦਾ ਚੰਡੀਗੜ੍ਹ ’ਚ ਇਲਾਜ ਚੱਲਿਆ ਤੇ ਬੀਤੇ ਦਿਨਾਂ ਤੋਂ ਉਹ ਵੈਂਟੀਲੇਟਰ ’ਤੇ ਹੀ ਸੀ। ਉਹ ਸਰੀਰਕ ਤੌਰ ’ਤੇ ਬਹੁਤ ਕਮਜ਼ੋਰ ਹੋ ਚੁੱਕਾ ਸੀ। ਉਹ ਸ਼ੁਰੂ ਤੋਂ ਹੀ ਪੀਟੀਸੀ ਚੈਨਲ ਨਾਲ ਜੁੜਿਆ ਹੋਇਆ ਸੀ।