ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 22 ਜੁਲਾਈ
ਸੋਮਵਾਰ ਦੀ ਰਾਤ ਨੂੰ ਪਏ ਮੀਂਹ ਦਾ ਪਾਣੀ ਅੱਜ 36 ਘੰਟੇ ਬਾਅਦ ਵੀ ਮੁਕਤਸਰ ਦੀਆਂ ਸੜਕਾਂ ਉਪਰ ਦਰਿਆ ਵਾਂਗ ਮਾਰੋ-ਮਾਰ ਕਰਦਾ ਫਿਰਦਾ ਹੈ। ਗਾਂਧੀ ਚੌਕ, ਘਾਹ ਮੰਡੀ, ਅਬੋਹਰ ਰੋਡ, ਬੈਂਕ ਰੋਡ, ਨਾਰੰਗੀ ਕਲੋਨੀ, ਬਾਵਾ ਕਲੋਨੀ, ਥਾਂਦੇਵਾਲਾ ਰੋਡ ਦੀਆਂ ਗਲੀਆਂ ਸਣੇ ਸ਼ਹਿਰ ਦਾ ਬਹੁਤ ਹਿੱਸਾ ਸੀਵਰੇਜ ਦੇ ਗੰਦੇ ਪਾਣੀ ਦੀ ਮਾਰ ਹੇਠ ਹੈ। ਲੋਕਾਂ ਦਾ ਲੰਘਣਾ ਤੇ ਸਾਹ ਲੈਣਾ ਬਹੁਤ ਔਖਾ ਹੋਇਆ ਪਿਆ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਸਾਉਣ ਮਹੀਨੇ ਦੀ ਪਹਿਲੀ ਬਰਸਾਤ ਜਿੱਥੇ ਫ਼ਸਲਾਂ ਲਈ ਵਰਦਾਨ ਬਣਕੇ ਆਈ,ਉੱਥੇ ਹੀ ਨੀਵੀਂ ਜ਼ਮੀਨ ਵਾਲੇ ਕਿਸਾਨਾਂ ਦੇ ਅਰਮਾਨ ਡੋਬ ਗਈ ਜਿਸ ਕਾਰਨ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਆ ਗਈ ਹੈ। ਦੋ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਅਗੇਤੇ ਨਰਮੇ ਦੀ ਫੁੱਲਬੁੱਕੀ ਝਾੜ ਦਿੱਤੀ ਹੈ। ਕਿਸਾਨ ਜਥੇਬੰਦੀਆਂ ਤੋਂ ਮਿਲੇ ਵੇਰਵਿਆਂ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਜਿਵੇਂ ਕੋਟਧਰਮੂ, ਜ਼ੋਈਆਂ, ਰਾਮਾਂਨੰਦੀ, ਬੀਰੇਵਾਲਾ, ਬਾਜੇਵਾਲਾ, ਲਾਲਿਆਂਵਾਲੀ, ਭਲਾਈਕੇ,ਭੰਮੇ ਖੁਰਦ, ਮਾਨਸਾ ਖੁਰਦ, ਲੱਲੂਆਣਾ, ਫਫੜੇ ਭਾਈਕੇ, ਬੀਰੋਕੇ ਖੁਰਦ, ਹਸਨਪੁਰ, ਬੋੜਾਵਾਲ, ਗੁਰਨੇ ਕਲਾਂ, ਅਹਿਮਦਪੁਰ, ਬਰਨਾਲਾ ਆਦਿ ਪਿੰਡਾਂ ਵਿੱਚ ਕਿਸਾਨਾਂ ਦੀ ਫ਼ਸਲ ਮੀਂਹ ਦੇ ਪਾਣੀ ਵਿੱਚ ਡੁੱਬ ਗਈ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੋਟਧਰਮੂ ਵਿਖੇ 300 ਏਕੜ ਝੋਨਾ, ਭੰਮੇ ਕਲਾਂ ਵਿਖੇ 60 ਏਕੜ ਝੋਨਾ, ਰਾਮਾਂਨੰਦੀ 10 ਏਕੜ ਝੋਨਾ, ਬਾਜੇਵਾਲਾ 100 ਏਕੜ ਨਰਮੇ, ਬੀਰੇਵਾਲਾ 15 ਏਕੜ ਨਰਮੇ,ਲਾਲਿਆਂਵਾਲੀ 100 ਏਕੜ ਅਤੇ ਭਲਾਈਕੇ 150 ਏਕੜ ਨਰਮੇ ਦੀ ਫ਼ਸਲ ਇਸ ਮੀਂਹ ਦੇ ਪਾਣੀ ਦੀ ਮਾਰ ਹੇਠਾਂ ਆ ਗਈ ਹੈ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਖੇਤਰ ਦੇ ਪਿੰਡ ਤਖਤਮੱਲ, ਕਾਲਾਂਵਾਲੀ, ਕੇਵਲ, ਸਿੰਘਪੁਰਾ, ਦੇਸੂ ਮਲਕਾਣਾ, ਚਕੇਰੀਆਂ, ਰੋੜੀ ਆਦਿ ਵਿੱਚ ਨਰਮੇ ਦੀ ਫ਼ਸਲ ਨੁਕਸਾਨੀ ਗਈ ਹੈ। ਖੇਤਰ ਦੇ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਫ਼ਸਲ ਚੰਗੀ ਹੋਈ ਸੀ ਪਰ ਅਚਾਨਕ ਭਾਰੀ ਮੀਂਹ ਕਾਰਨ ਪਾਣੀ ਭਰ ਗਿਆ ਅਤੇ ਫ਼ਸਲ ਲੱਗਭੱਗ 70-80 ਫ਼ੀਸਦੀ ਖ਼ਰਾਬ ਹੋ ਗਈ ਹੈ।
200 ਏਕੜ ਤੋਂ ਵੱਧ ਫਸਲ ਪ੍ਰਭਾਵਿਤ
ਬੁਢਲਾਡਾ (ਅਮਿਤ ਕੁਮਾਰ): ਬੀਤੇ ਦਿਨੀ ਆਈ ਲਗਾਤਾਰ ਬਰਸਾਤ ਨਾਲ ਹਲਕੇ ਦੇ ਪਿੰਡ ਅਚਾਨਕ ਦੇ ਤਕਰੀਬਨ 200 ਏਕੜ ਖੇਤੀ ਰਕਬੇ ’ਚ ਪਾਣੀ ਭਰ ਜਾਣ ਨਾਲ ਝੋਨੇ, ਨਰਮੇ, ਹਰੇ ਚਾਰੇ ਅਤੇ ਸਬਜੀਆਂ ਦੀਆਂ ਫਸਲਾਂ ਮਾਰੀਆਂ ਗਈਆਂ ਹਨ ।ਜਾਣਕਾਰੀ ਦਿਦਿਆ ਕਿਸਾਨ ਬਲਦੇਵ ਸਿੰਘ, ਦਿਲਬਾਗ ਸਿੰਘ, ਨਿਸ਼ਾਨ ਸਿੰਘ ਭੁੱਲਰ, ਜਗਤਾਰ ਸਿੰਘ, ਸੋਨਾ ਸਿੰਘ, ਜਸਕਰਨ ਸਿੰਘ ਅਤੇ ਮੀਤਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਨੇੜੇ ਕੋਈ ਨਿਕਾਸੀ ਨਾਲਾ ਜਾਂ ਡਰੇਨ ਨਾ ਹੋਣ ਕਾਰਨ ਪਿਛਲੇ ਦੱਸਿਆ ਕਿ ਕਰੀਬ 40 ਸਾਲ ਤੋਂ ਹਰ ਸਾਲ ਉਨਾਂ ਦੀਆਂ ਫਸਲਾਂ ਮਾਰ ਹੇਠ ਆ ਰਹੀਆ ਹਨ।
150 ਏਕੜ ਜ਼ਮੀਨ ਵਿਚ ਬਰਸਾਤੀ ਪਾਣੀ ਭਰਿਆ
ਬੋਹਾ (ਪੱਤਰ ਪੇ੍ਰਕ): ਪਿਛਲੇ ਦੋ ਦਿਨਾਂ ਵਿਚ ਹੋਈ ਬਰਸਾਤ ਕਾਰਨ ਨੇੜਲੇ ਪਿੰਡ ਅਚਾਣਕ ਦੀ ਨਿਵਾਣ ਵਾਲੀ 150 ਏਕੜ ਜ਼ਮੀਨ ਵਿਚ ਬਰਸਾਤੀ ਪਾਣੀ ਭਰ ਗਿਆ ਹੈ ਤੇ ਬੀਜੀ ਫਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ। ਕਿਸਾਨ ਨੱਛਤਰ ਸਿੰਘ , ਗੁਰਦਿਆਲ ਸਿੰਘ ਮਹਿਦਰ ਸਿੰਘ ਤੇ ਇਕਬਾਲ ਸਿੰਘ ਨੇ ਦੱਸਿਆ ਕਿ ਨੇੜਲੇ ਕਈ ਪਿੰਡਾ ਦਾ ਪਾਣੀ ਹਰ ਸਾਲ ਉਹਨਾਂ ਦੇ ਨਿਵਾਣ ਵਾਲੇ ਖੇਤਾਂ ਵਿਚ ਖੜ੍ਹ ਜਾਦਾਂ ਹੈ, ਜਿਸ ਕਾਰਕ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ।