ਸ਼ਾਹਬਾਜ਼ ਸਿੰਘ
ਘੱਗਾ, 22 ਜੁਲਾਈ
ਪਿਛਲੇ ਦਿਨੀਂ ਇਲਾਕੇ ਵਿੱਚ ਭਾਰੀ ਮੀਂਹ ਨਾਲ ਮਾਰੀ ਗਈ ਝੋਨੇ ਦੀ ਫਸਲ ਕਾਰਨ ਕੱਲ੍ਹ ਰਾਤ ਤੋਂ ਮੁੜ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਇਲਾਕੇ ਵਿੱਚ ਸੜਕਾਂ ਦੀਆਂ ਪੁਲੀਆਂ ਬੰਦ ਪਈਆਂ ਹਨ ਜਿਸ ਕਾਰਨ ਮੀਂਹ ਦੇ ਪਾਣੀ ਦੀ ਨਿਕਾਸੀ ਨਹੀਂ ਹੁੰਦੀ। ਹੁਣ ਕਿਸਾਨਾਂ ਦੀ ਦੂਜੀ ਵਾਰ ਝੋਨਾ ਲਾਉਣ ਦੀ ਆਸ ਵੀ ਟੁੱਟਦੀ ਜਾ ਰਹੀ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਡੁੱਬ ਕੇ ਖਰਾਬ ਹੋਏ ਝੋਨੇ ਦੀ ਥਾਂ ਮੁੜ ਝੋਨਾ ਲਾਉਣ ਲਈ ਪਨੀਰੀ ਵੀ ਨਹੀਂ ਮਿਲ ਰਹੀ। ਉਥੇ ਦੂਹਰੀ ਲਵਾਈ ਦਾ ਖਰਚਾ ਵੀ ਪੈ ਰਿਹਾ ਹੈ। ਨਵਾਂ ਪਿੰਡ ਕਲਵਾਣੂ ਦੇ ਕਿਸਾਨ ਹਰਬੰਸ ਸਿੰਘ ਨੇ ਦੱਸਿਆ ਕਿ ਨਿਕਾਸੀ ਨਾ ਹੋਣ ਕਾਰਨ ਡੁੱਬਿਆ ਝੋਨਾ ਸੜ ਕੇ ਖਰਾਬ ਹੋ ਗਿਆ ਹੈ ਅਤੇ ਨਵੀਂ ਸਮੱਸਿਆ ਪਨੀਰੀ ਦੀ ਹੈ, ਜੋ ਕਿਤੋਂ ਵੀ ਨਹੀਂ ਮਿਲ ਰਹੀ। ਇਸੇ ਪਿੰਡ ਦੇ ਭਜਨ ਸਿੰਘ, ਨਿਰਵੈਲ ਸਿੰਘ, ਬਲਵਿੰਦਰ ਸਿੰਘ ਸਣੇ ਕਈ ਕਿਸਾਨਾਂ ਦਾ ਝੋਨਾ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਡੁੱਬ ਕੇ ਖਰਾਬ ਹੋ ਚੁੱਕਾ ਹੈ। ਕਿਸਾਨਾਂ ਨੇ ਦੱਸਿਆ ਕਿ ਝੋਨੇ ਦੀ ਦੂਹਰੀ ਲਾਗਤ ਨਾਲ ਉਹ ਉਠਣ ਜੋਗੇ ਨਹੀਂ ਰਹੇ। ਇਸੇ ਤਰ੍ਹਾਂ ਪਿੰਡ ਨਨਹੇੜਾ, ਉਗੋਕੇ, ਬਾਦਸ਼ਾਹਪੁਰ ਤੇ ਰਾਮਪੁਰ ਪੜਤਾ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਪਿੰਡਾਂ ਵਿੱਚ ਪ੍ਰਸ਼ਾਸਨ ਨੇ ਨੁਕਸਾਨੀ ਫਸਲ ਦੇ ਜਾਇਜ਼ੇ ਲਈ ਦੌਰੇ ਵੀ ਨਹੀਂ ਕੀਤੇ ਹਨ ਅਤੇ ਨਾ ਹੀ ਪੀੜਤ ਕਿਸਾਨਾਂ ਦੀ ਸਾਰ ਲਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਪਾਣੀ ਨਾਲ ਡੁੱਬ ਕੇ ਨੁਕਸਾਨੇ ਗਏ ਝੋਨੇ ਦੀ ਤੁਰੰਤ ਗਿਰਦਾਵਰੀ ਕਰਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਤੇ ਬਾਦਸ਼ਾਹਪੁਰ-ਸ਼ੁਤਰਾਣਾ ਸੜਕ ਹੇਠ ਜੋ ਪੁਲੀਆਂ ਬੰਦ ਹਨ ਉਥੇ ਨਵੀਆਂ ਪੁਲੀਆਂ ਪਾਈਆਂ ਜਾਣ ਤਾਂ ਕਿ ਪਾਣੀ ਦਾ ਨਿਕਾਸ ਹੋ ਸਕੇ।
ਖਰਾਬ ਫਸਲਾਂ ਦੀ ਪਟਵਾਰੀ ਰਿਪੋਰਟ ਲੈਣਗੇ: ਐੱਸਡੀਐੱਮ
ਐੱਸਡੀਐੱਮ ਪਾਤੜਾਂ ਡਾ. ਪਾਲਿਕਾ ਅਰੋੜਾ ਨੇ ਕਿਹਾ ਕਿ ਖੇਤਾਂ ਦਾ ਪਾਣੀ ਉਤਰਦਾ ਜਾ ਰਿਹਾ ਹੈ ਅਤੇ ਮੀਂਹ ਨਾਲ ਮਾਰੀਆਂ ਗਈਆਂ ਫਸਲਾਂ ਦੀ ਪਟਵਾਰੀ ਰਿਪੋਰਟ ਲੈਣਗੇ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਜਿਹੜੇ ਜਿਹੜੇ ਪਿੰਡਾਂ ਵਿੱਚ ਫਸਲ ਦਾ ਨੁਕਸਾਨ ਹੋਇਆ ਹੈ ਉਸ ਖਰਾਬੇ ਦੇ ਮੁਆਵਜ਼ੇ ਲਈ ਸਰਕਾਰ ਨੂੰ ਲਿਖਿਆ ਜਾਵੇਗਾ।