ਨੌਜਵਾਨਾਂ ਦਾ ਸੁਪਨਾ
21 ਜੁਲਾਈ ਨੂੰ ਲੋਕ ਸੰਵਾਦ ਪੰਨੇ ਉੱਤੇ ਛਪੇ ਲੇਖ ‘ਨੌਜਵਾਨਾਂ ਨੇ ਦਿੱਤਾ ਪਿੰਡ ਨੂੰ ਨਵਾਂ ਰੂਪ’ ਵਿਚ ਸੰਗੀਤ ਤੂਰ ਨੇ ਸ਼ਰੀਂਹ ਵਾਲਾ ਬਰਾੜ ਪਿੰਡ ਦੇ ਹਿੰਮਤੀ ਮੁੰਡਿਆਂ ਤੇ ਪੰਚਾਇਤ ਦੇ ਸੁਪਨੇ ਹਕੀਕੀ ਰੂਪ ਨੂੰ ਆਦਰਸ਼ ਵਜੋਂ ਸਥਾਪਤ ਕੀਤਾ ਹੈ। ਪੰਜਾਬ ਦੇ ਸਾਰੇ ਪਿੰਡ ਸ਼ਰੀਂਹ ਵਾਲਾ ਬਰਾੜ ਹੀ ਹਨ। ਸੀਵਰੇਜ ਦੇ ਸੜਿਆਂਦ ਮਾਰਦੇ, ਮੋਮੀ ਲਿਫ਼ਾਫ਼ਿਆਂ ਨਾਲ ਭਰੇ, ਵੰਡੀਆਂ ਹੋਈਆਂ ਪੰਚਾਇਤਾਂ, ਨੱਕ ਮਾਰ ਕੇ ਲੰਘਦੇ ਲੋਕ ਅਸਲ ਵਿਚ ਸਰਕਾਰਾਂ ਦੀਆਂ ਲੋਕ ਵਿਰੋਧੀ ਕਾਲੀਆਂ ਨੀਤੀਆਂ ਦਾ ਬਦਬੂ ਮਾਰਦਾ ਹਕੀਕੀ ਚਿਹਰਾ ਹੈ। ਸਾਰੇ ਪਿੰਡਾਂ ਦੇ ਗੁਰਪ੍ਰੀਤ, ਬਲਜਿੰਦਰ ਤੇ ਪੰਚਾਇਤਾਂ ਸਿਆਸਤ ਦੀ ਸੜਿਆਂਦ ਮਾਰਦੇ ਛੱਪੜ ਕੰਢੇ ਖਲੋ ਕੇ ਜ਼ਰੂਰ ਸੁਪਨਾ ਵੇਖਣਗੇ ਤੇ ਹਰੇ ਰੁੱਖਾਂ ਦੀਆਂ ਕੰਧਾਂ ਵਾਲੀ ਬਲੌਰੀ ਝੀਲ ਦਾ ਖ਼ੂਬਸੂਰਤ ਰੂਪ ਦੇਣਗੇ।
ਸੁਰਿੰਦਰ ਗਿੱਲ, ਜੈਪਾਲ (ਲੁਧਿਆਣਾ)
ਨਸ਼ਾ ਤਸਕਰੀ : ਚਾਰ ਹਫ਼ਤੇ-ਚਾਰ ਦਿਨ
21 ਜੁਲਾਈ ਨੂੰ ਸੰਪਾਦਕੀ ‘ਨਸ਼ਿਆਂ ਦਾ ਫੈਲਾਉ’ ਗੰਭੀਰ ਮਸਲੇ ਦੇ ਰੂਬਰੂ ਕਰਦਾ ਹੈ। ਕੋਈ ਦਿਨ ਹੀ ਅਜਿਹਾ ਹੋਵੇਗਾ ਜਿਸ ਦਿਨ ਨਸ਼ੇ ਦੀਆਂ ਖੇਪਾਂ ਨਾ ਫੜੀਆਂ ਜਾਂਦੀਆਂ ਹੋਣ। ਨਸ਼ਾ ਤਸਕਰੀ ਦਾ ਕੰਮ ਲਗਾਤਾਰ ਚੱਲ ਰਿਹਾ ਹੈ। ਪੰਜਾਬ ਵਿਚ ਵੱਡੇ ਪੱਧਰ ਉੱਤੇ ਹੈਰੋਇਨ ਦੀ ਸਮਗਲਿੰਗ ਹੋ ਰਹੀ ਹੈ। ਇਹ ਤਾਂ ਉਹ ਅੰਕੜੇ ਹਨ ਜਿਹੜੇ ਫੜੇ ਜਾਂਦੇ ਹਨ। ਜਿਹੜੇ ਅੰਦਰਖਾਤੇ ਹਨ, ਉਨ੍ਹਾਂ ਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਕੀ ਇਹ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰਨ ਦੀ ਸਾਜ਼ਿਸ਼ ਨਹੀਂ। ਇਕ ਤਾਂ ਪੈਸੇ ਦੀ ਬਰਬਾਦੀ ਹੋ ਰਹੀ ਹੈ, ਦੂਸਰਾ ਇਹ ਨਸ਼ਾ ਖਾ ਕੇ ਨੌਜਵਾਨ ਮੌਤ ਮਰ ਰਹੇ ਹਨ। ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਸਰਕਾਰ ਚਾਹੇ ਤਾਂ ਕੀ ਨਹੀਂ ਕਰ ਸਕਦੀ? ਚਾਰ ਹਫ਼ਤੇ ਤਾਂ ਦੂਰ ਦੀ ਗੱਲ ਏ, ਚਾਰ ਦਿਨਾਂ ਵਿਚ ਬਹੁਤ ਕੁਝ ਹੋ ਸਕਦਾ ਹੈ।
ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)
(2)
ਸੰਪਾਦਕੀ ‘ਨਸ਼ਿਆਂ ਦਾ ਫੈਲਾਉ’ ਵਿਚ ਤਕਰੀਬਨ ਸਾਰੇ ਪੱਖਾਂ ਦਾ ਜ਼ਿਕਰ ਕੀਤਾ ਗਿਆ। ਸਿਆਸੀ ਆਗੂ ਕਾਫ਼ੀ ਸਾਲਾਂ ਤੋਂ ਇਕ ਦੂਸਰੇ ’ਤੇ ਦੋਸ਼ ਹੀ ਲਾ ਰਹੇ ਹਨ ਪਰ ਸੱਤਾ ਹਾਸਿਲ ਕਰਨ ਤੋਂ ਬਾਅਦ ਨਸ਼ਿਆਂ ਦੀ ਸਮੱਸਿਆ ਦਾ ਹੱਲ ਨਹੀਂ ਕਰਦੇ। ਜ਼ਰੂਰੀ ਨਹੀਂ ਕਿ ਨਸ਼ਾ ਛੁਡਾਊ ਕੇਂਦਰ ਵੀ ਹਰ ਨਸ਼ੇੜੀ ਦਾ ਨਸ਼ਾ ਛੁਡਾ ਸਕਣ। ਪੰਜਾਬ ’ਚ ਤੀਜੇ ਬਦਲ ਦੇ ਸਿਆਸੀ ਆਗੂਆਂ, ਸਮਾਜ ਸੇਵੀ, ਧਾਰਮਿਕ, ਸਿੱਖਿਆ ਸੰਸਥਾਵਾਂ ਆਦਿ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ ਲਈ ਇਨ੍ਹਾਂ ਦੀ ਇੱਛਾ ਸ਼ਕਤੀ ਮਜ਼ਬੂਤ ਕਰਨ ’ਤੇ ਧਿਆਨ ਦੇਣਾ ਵਧੇਰੇ ਕਾਰਗਰ ਹੋ ਸਕਦਾ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਪਿਛਾਂਹ ਵੱਲ ਮੋੜ ?
21 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਪਾਠਕ੍ਰਮ ਦੀ ਕਟੌਤੀ ਪਿੱਛੇ ਛੁਪਿਆ ਕਾਰਜ’ ਪੜ੍ਹਿਆ। ਪਾਠਕ੍ਰਮ ਵਿਚ ਕੀਤੀਆਂ ਜਾ ਰਹੀਆਂ ਕਟੌਤੀਆਂ ਦਾ ਹਰ ਵਿਦਵਾਨ ਸੰਵਿਧਾਨ ਦਾ ਵਾਸਤਾ ਪਾ ਕੇ ਵਿਰੋਧ ਕਰ ਰਿਹਾ ਹੈ। ਲੇਖਕ ਨੇ ਬਿਲਕੁਲ ਸਹੀ ਲਿਖਿਆ ਹੈ ਕਿ ਇਨ੍ਹਾਂ ਕਟੌਤੀਆਂ ਦਾ ਅਸਲ ਕਰੂਪ ਚਿਹਰਾ ‘ਸਾਰੇ ਹੀ ਵਰਗਾਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਲੀ ਸਿੱਖਿਆ ਦਿੱਤੀ ਹੀ ਨਾ ਜਾਵੇ’ ਦੇ ਮਕਸਦ ਵਿਚ ਹੈ। ਅਜਿਹੀ ਸੋਚ ਆਰਐੱਸਐੱਸ ਦੇ ਪ੍ਰੇਰਨਾ ਸਰੋਤ ਪੁਰਾਤਨ ਗ੍ਰੰਥਾਂ ਮੁਤਾਬਿਕ ਹੈ। ਇਸ ਲਈ ਕਟੌਤੀ ਪਿੱਛੇ ਛੁਪਿਆ ਕਾਰਜ ਉਸ ਧਾਰਨਾ ਨੂੰ ਅਮਲੀ ਰੂਪ ਦੇਣ ਲਈ ਵਰਤਿਆ ਜਾ ਰਿਹਾ ਹੈ ਜਿਸ ਮੁਤਾਬਿਕ ਅਨਪੜ੍ਹ ਬ੍ਰਾਹਮਣ ਵੀ ਸਤਿਕਾਰਤ ਹੈ ਅਤੇ ਵਿਦਵਾਨ ਸ਼ੂਦਰ ਸਤਿਕਾਰਯੋਗ ਨਹੀਂ ਹੈ। ਜਿੱਥੇ ਸਰਕਾਰ ਹੀ ਅੰਧਵਿਸ਼ਵਾਸ ਨੂੰ ਸਹਾਰਾ ਦੇ ਰਹੀ ਹੋਵੇ, ਉੱਥੇ ਅਜਿਹੀਆਂ ਕਟੌਤੀਆਂ ਅਣਹੋਣੀਆਂ ਨਹੀਂ ਹਨ। ਚੇਤੰਨ ਵਿਦਵਾਨਾਂ ਅਤੇ ਸਿਆਸਤਦਾਨਾਂ ਨੂੰ ਧਿਆਨ ਦੇਣ ਦੀ ਲੋੜ ਹੈ, ਭਵਿੱਖ ਭੂਤ ਵੱਲ ਮੋੜਿਆ ਜਾ ਰਿਹਾ ਹੈ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
(2)
ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਪਾਠਕ੍ਰਮ ਦੀ ਕਟੌਤੀ ਪਿੱਛੇ ਛੁਪਿਆ ਕਾਰਜ’ ਸਰਕਾਰੀ ਸਾਜ਼ਿਸ਼ਾਂ ਦੀਆਂ ਪਰਤਾਂ ਉਧੇੜਦਾ ਹੈ। ਕਰੋਨਾ ਮਹਾਮਾਰੀ ਕਾਰਨ ਪਾਠਕ੍ਰਮਾਂ ਵਿਚ ਕੀਤੀ ਕਟੌਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਹਨੇਰੇ ਵੱਲ ਲਿਜਾਣ ਦੀ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ। ਅੱਜ ਸਾਡੇ ਬੱਚਿਆਂ ਨੂੰ ਪਾਠ ਪੁਸਤਕਾਂ ਵਿਚ ਦਰਜ ਧਰਮ ਨਿਰਪੱਖਤਾ, ਸਾਂਝੀਵਾਲਤਾ, ਭਾਈਚਾਕ ਸਾਂਝਾਂ, ਰਾਜਨੀਤੀ ਦੇ ਅਸਲੀ ਸਰੂਪ ਅਤੇ ਗੁਆਂਢੀ ਦੇਸ਼ਾਂ ਨਾਲ ਸਬੰਧਿਤ ਵਿਸ਼ਿਆਂ ਤੋਂ ਦੂਰ ਕੀਤਾ ਜਾ ਰਿਹਾ ਹੈ। ਜੇਕਰ ਸਾਡੇ ਵਿਦਿਆਰਥੀਆਂ ਨੂੰ ਅਜਿਹੇ ਵਿਸ਼ਿਆਂ ਤੋਂ ਦੂਰ ਕਰ ਦਿੱਤਾ ਗਿਆ ਤਾਂ ਤੁਸੀਂ ਸੋਚੋ, ਸਾਡਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ? ਦਰਅਸਲ ਸਰਕਾਰ ਦਾ ਮੁੱਖ ਟੀਚਾ ਸਾਡੇ ਭਵਿੱਖ ਨੂੰ ਜਮਹੂਰੀ ਭਾਵਨਾ ਤੋਂ ਦੂਰ ਕਰ ਕੇ ਸਮਾਜ ਨੂੰ ਅੰਧਵਿਸ਼ਵਾਸੀ ਬਣਾਉਣਾ ਅਤੇ ਇਕ ਵਿਚਾਰਧਾਰਾ ਦਾ ਪ੍ਰਸਾਰ ਕਰਨ ਦਾ ਹੈ। ਸੌੜੀ ਸੋਚ ਵਾਲੇ ਇਸ ਪ੍ਰਚਾਰ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਵਿਰੋਧ ਹੋਣਾ ਚਾਹੀਦਾ ਹੈ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)