ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 11 ਜੁਲਾਈ
ਇਥੋਂ ਦੇ ਕਈਂ ਪਿੰਡਾਂ ਵਿੱਚ ਬਿਜਲੀ ਸਪਲਾਈ ਠੀਕ ਢੰਗ ਨਾਲ ਨਾ ਆਉਣ ਕਾਰਨ ਅਤੇ ਬਿਜਲੀ ਵਿਭਾਗ ਦੇ ਐਕਸੀਅਨ ਦੇ ਵਰਤਾਅ ਤੋਂ ਨਾਰਾਜ਼ ਵੱਡੀ ਗਿਣਤੀ ਪਿੰਡ ਦੇ ਲੋਕਾਂ ਨੇ ਬਿਜਲੀ ਵਿਭਾਗ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਅਤੇ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਵਿਭਾਗ ਦੇ ਐਕਸੀਅਨ ਖ਼ਿਲਾਫ਼ ਭੜਾਸ ਕੱਢਦਿਆਂ ਦੋਸ਼ ਲਾਇਆ ਕਿ ਐਕਸੀਅਨ ਦਾ ਵਰਤਾਅ ਲੋਕਾਂ ਪ੍ਰਤੀ ਠੀਕ ਨਹੀਂ ਹੈ ਜਦਕਿ ਵਿਭਾਗ ਦੇ ਐੱਸਡੀਓ ਠੀਕ ਹਨ। ਉਨ੍ਹਾਂ ਕਿਹਾ ਕਿ ਤੇਜ਼ ਤੂਫਾਨ ਆਉਣ ਕਾਰਨ ਇਥੇ ਖੰਭੇ ਡਿੱਗ ਗਏ ਸਨ, ਜਿਸ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ, ਪਰ ਕਈ ਦਿਨ ਬੀਤ ਜਾਣ ਮਗਰੋਂ ਅਧਿਕਾਰੀਆਂ ਵੱਲੋਂ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਨਾ ਆਉਣ ਕਾਰਨ ਜਿੱਥੇ ਲੋਕ ਪ੍ਰੇਸ਼ਾਨ ਹਨ ਉਥੇ ਹੀ ਪਸ਼ੂਆਂ ਤੇ ਖੇਤਾਂ ਵਿੱਚ ਝੋਨਾ ਲਾਉਣ ਲਈ ਪਾਣੀ ਨਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇੱਕ ਤਾਂ ਬਿਜਲੀ ਠੀਕ ਨਹੀਂ ਆ ਰਹੀ ਦੂਜਾ ਵਿਭਾਗ ਦੇ ਐਕਸੀਅਨ ਦਾ ਵਰਤਾਅ ਜਨਤਾ ਪ੍ਰਤੀ ਠੀਕ ਨਹੀਂ ਹੈ, ਜਿਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੂੰ ਮਜਬੂਰਨ ਬਿਜਲੀ ਵਿਭਾਗ ਮੂਹਰੇ ਧਰਨਾ ਦੇਣਾ ਪਿਆ। ਇਸ ਦੌਰਾਨ ਲੋਕਾਂ ਨੇ ਵਿਭਾਗ ਤੋਂ ਛੇਤੀ ਹੀ ਬਿਜਲੀ ਸਪਲਾਈ ਦਰੁਸਤ ਕਰਨ ਦੀ ਮੰਗ ਕੀਤੀ ਹੈ। ਧਰਨੇ ਦੌਰਾਨ ਪ੍ਰਦਰਸ਼ਨਕਾਰੀ ਬਿਜਲੀ ਵਿਭਾਗ ਦੇ ਐਕਸੀਅਨ ਨੂੰ ਮੌਕੇ ’ਤੇ ਬੁਲਾਉਣ ਦੀ ਮੰਗ ’ਤੇ ਅੜੇ ਰਹੇ, ਜਿਸ ਤੋਂ ਬਾਅਦ ਐਕਸੀਅਨ ਮੌਕੇ ’ਤੇ ਆਏ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਭਰੋਸਾ ਦਿੱਤਾ ਕਿ ਬਿਜਲੀ ਦੀ ਸਪਲਾਈ ਠੀਕ ਕਰ ਦਿੱਤੀ ਜਾਵੇਗੀ, ਜਿਸ ਮਗਰੋਂ ਲੋਕ ਸ਼ਾਂਤ ਹੋਏ ਅਤੇ ਧਰਨਾ ਸਮਾਪਤ ਕੀਤਾ।
ਖੰਭੇ ਲਾਉਣ ਦਾ ਕੰਮ ਜਾਰੀ: ਐੱਸਡੀਓ
ਉਧਰ ਇਸ ਸਬੰਧੀ ਜਦੋਂ ਬਿਜਲੀ ਵਿਭਾਗ ਦੇ ਐੱਸਡੀਓ ਗੁਰਬਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਿਨ ਤੂਫ਼ਾਨ ਆਉਣ ਕਾਰਨ ਲਗਪਗ 100 ਖੰਭੇ ਡਿੱਗ ਗਏ ਸਨ ਅਤੇ ਉਨ੍ਹਾਂ ਨੂੰ ਲਗਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਕਰਕੇ ਖੰਭੇ ਲਗਾਉਣ ਵਿੱਚ ਮੁਸ਼ਕਲ ਆ ਰਹੀ ਹੈ, ਪਰ ਫਿਰ ਵੀ ਪਿੰਡਾਂ ਵਿੱਚ ਘਰੇਲੂ ਬਿਜਲੀ ਦੀ ਸਪਲਾਈ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।