ਜੈਸਮੀਨ ਭਾਰਦਵਾਜ
ਨਾਭਾ, 22 ਜੁਲਾਈ
ਪਿਛਲੇ ਦਿਨੀਂ ਜੇਲ੍ਹ ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਮਾਮਲੇ ਸਬੰਧੀ ਅੱਜ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਨੀਟਾ ਦਿਓਲ ਨੂੰ ਬੁਲੇਟ ਪਰੂਫ ਜੈਕੇਟ ਪਹਿਨਾ ਕੇ ਨਾਭਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਉਸ ਨੇ ਦੱਸਿਆ ਕਿ ਉਸ ਉੱਤੇ ਕੀਤੇ ਜਾ ਰਹੇ ਤਸ਼ੱਦਦ ਨੂੰ ਆਤਮ ਹੱਤਿਆ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਕੁਲਪ੍ਰੀਤ ਸਿੰਘ ਉਰਫ ਨੀਟਾ ਦਿਓਲ ਵੱਲੋ ਪੇਸ਼ ਹੋਏ ਵਕੀਲ ਡਾ. ਸ਼ੈਲੀ ਸ਼ਰਮਾ ਨੇ ਅਦਾਲਤ ਵਿਚ ਜੇਲ੍ਹ ਦੇ ਕੈਮਰਿਆਂ ਦੀ ਫੁਟੇਜ ਸੰਭਾਲਣ ਦੀ ਮੰਗ ਕੀਤੀ ਹੈ। ਵਕੀਲ ਡਾ. ਸ਼ਰਮਾ ਨੇ ਦੋਸ਼ ਲਾਏ ਕਿ ਪੁਲੀਸ ਦੇ ਕੁਝ ਅਧਿਕਾਰੀਆਂ ਨੇ ਜੇਲ੍ਹ ਵਿਚ ਦਾਖਲ ਹੋ ਕੇ ਸ਼ਾਮ 7:30 ਵਜੇ ਦੇ ਕਰੀਬ ਨੀਟਾ ਦਿਓਲ ਨੂੰ ਬੰਨ੍ਹ ਕੇ ਕੁੱਟਿਆ ਅਤੇ ਬਾਅਦ ਵਿਚ ਖ਼ੁਦਕੁਸ਼ੀ ਦੀ ਕਹਾਣੀ ਘੜ੍ਹ ਦਿੱਤੀ। ਸੁਣਵਾਈ ਦੌਰਾਨ ਅਦਾਲਤ ਨੇ ਨੀਟੇ ਦੀ ਡਾਕਟਰੀ ਜਾਂਚ ਦੇ ਹੁਕਮ ਦੇ ਕੇ ਪ੍ਰਸ਼ਾਸਨ ਨੂੰ ਨੋਟਿਸ ਦਿੱਤਾ ਹੈ।