ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 11 ਜੁਲਾਈ
ਇਥੋਂ ਨੇੜਲੇ ਪਿੰਡ ਘਰਾਚੋਂ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਪ੍ਰਾਪਤੀ ਲਈ 53 ਦਿਨਾਂ ਤੋਂ ਜ਼ਮੀਨ ਪ੍ਰਾਪਤੀ ਸ਼ੰਘਰਸ ਕਮੇਟੀ ਦੀ ਅਗਵਾਈ ਹੇਠ ਧਰਨਾ ਲਗਾਈ ਬੈਠੇ ਮਜ਼ਦੂਰਾਂ ਅਤੇ ਬੋਲੀ ਵਾਲੇ ਵਿਅਕਤੀਆਂ ਨੂੰ ਕਬਜ਼ਾ ਦਿਵਾਉਣ ਆਈ ਪੁਲੀਸ ਵਿਚਕਾਰ ਖਿੱਚਧੂਹ ਤੋਂ ਬਾਅਦ ਪੁਲੀਸ ਤੇ ਪ੍ਰਸ਼ਾਸਨ ਪਰਤ ਗਿਆ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ੋਨਲ ਵਿੱਤ ਸਕੱਤਰ ਬਿੱਕਰ ਸਿੰਘ ਹਥੋਆ ਅਤੇ ਗੁਰਚਰਨ ਸਿੰਘ ਘਰਾਚੋਂ ਨੇ ਦੱਸਿਆ ਕਿ ਪਿੰਡ ਘਰਾਚੋਂ ਦੀ ਦਲਿਤਾਂ ਦੇ ਹਿੱਸੇ ਦੀ ਜ਼ਮੀਨ ਦੀ ਡੰਮੀ ਬੋਲੀ ਰੱਦ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਕਾਂਗਰਸੀ ਮੰਤਰੀ ਦੇ ਇਸ਼ਾਰੇ ’ਤੇ ਜ਼ਮੀਨ ਦਲਿਤਾਂ ਤੋਂ ਖੋਹਕੇ ਪਿੰਡ ਦੇ ਕੁੱਝ ਚੌਧਰੀਆਂ ਨੂੰ ਦੇਣ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅੱਜ ਸਥਿਤੀ ਉਸ ਸਮੇਂ ਤਣਾਅ ਪੂਰਨ ਬਣ ਗਈ ਜਦੋਂ ਪਿੰਡ ਦੇ ਕਾਂਗਰਸੀ ਤੇ ਆੜ੍ਹਤੀਆਂ ਵੱਲੋਂ ਟਰੈਕਟਰ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਧੱਕੇਸ਼ਾਹੀ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਮਜ਼ਦੂਰ ਅਤੇ ਔਰਤਾਂ ਨਾਅਰੇਬਾਜ਼ੀ ਕਰਦਿਆਂ ਵਿਵਾਦਤ ਜ਼ਮੀਨ ਵੱਲ ਵੱਧਣ ਲੱਗੇ ਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਪੁਲੀਸ ਨੇ ਧਰਨਾਕਾਰੀਆਂ ਨੂੰ ਰੋਕ ਲਿਆ। ਦੋਵੇਂ ਧਿਰਾਂ ਵਿਚਕਾਰ ਕਾਫੀ ਸਮਾਂ ਖਿਚਧੂਹ ਹੁੰਦੀ ਰਹੀ। ਅਖੀਰ ਵਿੱਚ ਮਜ਼ਦੂਰਾਂ ਦੇ ਤਿੱਖੇ ਵਿਰੋਧ ਕਾਰਣ ਪੁਲੀਸ ਵੱਲੋਂ ਬੋਲੀ ਲਗਾਉਣ ਵਾਲੀ ਧਿਰ ਨੂੰ ਟਰੈਕਟਰ ਸਮੇਤ ਜ਼ਮੀਨ ਵਿੱਚੋਂ ਬਾਹਰ ਕੱਢਣ ਲਈ ਮਜਬੂਰ ਹੋਣਾ ਪਿਆ।