ਨਵੀਂ ਦਿੱਲੀ, 10 ਜੁਲਾਈ
ਅਮਰੀਕੀ ਏਅਰੋਸਪੇਸ ਕੰਪਨੀ ਬੋਇੰਗ ਨੇ ਪਿਛਲੇ ਮਹੀਨੇ 22 ਅਪਾਚੇ ਲੜਾਕੂ ਹੈਲੀਕਾਪਟਰਾਂ ’ਚੋਂ ਆਖਰੀ ਪੰਜ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਨੂੰ ਸੌਂਪ ਦਿੱਤੇ ਹਨ ਤੇ ਇਹ ਬੇੜਾ ਹੁਣ ਅਸਲ ਕੰਟਰੋਲ ਰੇਖਾ ਨੇੜੇ ਅਹਿਮ ਹਵਾਈ ਟਿਕਾਣਿਆਂ ’ਤੇ ਤਾਇਨਾਤ ਜਹਾਜ਼ਾਂ ਤੇ ਹੈਲੀਕਾਪਟਰਾਂ ਦਾ ਹਿੱਸਾ ਬਣ ਗਿਆ ਹੈ। ਅਧਿਕਾਰੀਆਂ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੱਤੀ। ਬੋਇੰਗ ਨੇ ਕਿਹਾ ਕਿ ਉਸ ਨੇ ਸਾਰੇ 22 ਅਪਾਚੇ ਤੇ 15 ਚਿਨੂਕ ਫੌਜੀ ਹੈਲੀਕਾਪਟਰ ਭਾਰਤੀ ਹਵਾਈ ਸੈਨਾ ਨੂੰ ਮੁਹੱਈਆ ਕਰ ਦਿੱਤੇ ਹਨ ਤੇ ਊਹ ਭਾਰਤੀ ਹਥਿਆਰਬੰਦ ਦਸਤਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਧਿਕਾਰੀਆਂ ਨੇ ਕਿਹਾ ਕਿ ਅਪਾਚੇ ਤੇ ਚਿਨੂਕ ਹੈਲੀਕਾਪਟਰ ਦੋਵਾਂ ਨੂੰ ਹੀ ਪੂਰਬੀ ਲੱਦਾਖ ’ਚ ਚੀਨ ਨਾਲ ਤਣਾਅ ਦੇ ਮੱਦੇਨਜ਼ਰ ਅਸਲ ਕੰਟਰੋਲ ਰੇਖਾ ਨੇੜਲੇ ਖੇਤਰਾਂ ’ਚ ਭਾਰਤੀ ਹਵਾਈ ਸੈਨਾ ਦੀ ਤਾਇਨਾਤੀ ਤਹਿਤ ਸੇਵਾ ’ਚ ਲਾਇਆ ਗਿਆ ਹੈ। ਭਾਰਤ ਨੇ ਸਤੰਬਰ 2015 ’ਚ ਹਵਾਈ ਸੈਨਾ ਲਈ 22 ਅਪਾਚੇ ਤੇ 15 ਚਿਨੂਕ ਹੈਲੀਕਾਪਟਰਾਂ ਦੀ ਖਰੀਦ ਸਬੰਧੀ ਬੋਇੰਗ ਨਾਲ ਕਰਾਰ ਕੀਤਾ ਸੀ। -ਪੀਟੀਆਈ