ਨੌਜਵਾਨਾਂ ਦੀਆਂ ਖੁਦਕੁਸ਼ੀਆਂ ਦੇ ਕਾਰਨ
25 ਜੂਨ ਦੇ ਅੰਕ ’ਚ ਮਨਮੀਤ ਕੱਕੜ ਦਾ ਲੇਖ ‘ਖ਼ੁਦਕੁਸ਼ੀਆਂ: ਕਿਉਂ ਹੋ ਰਹੇ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ’ ਵਿਚ ਲੇਖਕ ਨੇ ਨੌਜਵਾਨਾਂ ਉੱਤੇ ਵੱਖ ਵੱਖ ਕਾਰਨਾਂ ਤੋਂ ਪੈ ਰਹੇ ਮਾਨਸਿਕ ਦਬਾਅ ਦੀ ਗੱਲ ਤਾਂ ਕੀਤੀ ਹੈ ਪਰ ਇਸ ਤਣਾਅ ਲਈ ਮੁੱਖ ਤੌਰ ’ਤੇ ਜ਼ਿੰਮੇਵਾਰ ਸਰਕਾਰਾਂ ਦੀਆਂ ਕਾਰਪੋਰੇਟ-ਪੱਖੀ ਅਤੇ ਲੋਕ ਵਿਰੋਧੀ ਆਰਥਿਕ ਨੀਤੀਆਂ, ਗ਼ੈਰ ਵਿਗਿਆਨਕ ਅਤੇ ਮਹਿੰਗਾ ਵਿਦਿਅਕ ਢਾਂਚਾ, ਨਸ਼ਿਆਂ ਦੀ ਖੁੱਲ੍ਹੀ ਵਿਕਰੀ ਤੇ ਭ੍ਰਿਸ਼ਟਾਚਾਰ ਅਤੇ ਬੇਇਨਸਾਫ਼ੀ ’ਤੇ ਆਧਾਰਿਤ ਲੁਟੇਰੇ ਰਾਜ ਪ੍ਰਬੰਧ ਉੱਤੇ ਉਂਗਲ ਉਠਾਉਣ ਤੋਂ ਬਿਲਕੁਲ ਗੁਰੇਜ਼ ਕੀਤਾ ਹੈ। ਜੇ ਸਰਕਾਰਾਂ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਯਕੀਨੀ ਬਣਾਉਣ ਤਾਂ ਕੋਈ ਵੀ ਨੌਜਵਾਨ ਨਾ ਨਸ਼ਿਆਂ ਵਿਚ ਪੈ ਕੇ ਡਿਪਰੈਸ਼ਨ ਦਾ ਸ਼ਿਕਾਰ ਹੋਵੇਗਾ ਅਤੇ ਨਾ ਹੀ ਖ਼ੁਦਕੁਸ਼ੀ ਬਾਰੇ ਸੋਚੇਗਾ ਪਰ ਸਰਕਾਰਾਂ ਦੀਆਂ ਨਿੱਜੀਕਰਨ ਪੱਖੀ ਨੀਤੀਆਂ ਮਹਿੰਗਾਈ ਅਤੇ ਬੇਰੁਜ਼ਗਾਰੀ ਵਧਾ ਕੇ ਨੌਜਵਾਨਾਂ ਅਤੇ ਮਿਹਨਤਕਸ਼ ਲੋਕਾਂ ਵਿਚ ਡਿਪਰੈਸ਼ਨ ਵਧਾ ਰਹੀਆਂ ਹਨ।
ਸੁਮੀਤ ਸਿੰਘ, ਅੰਮ੍ਰਿਤਸਰ
ਸੂਦਖ਼ੋਰੀ ਲੁੱਟ ਤੇ ਮਜ਼ਦੂਰ ਔਰਤਾਂ
29 ਜੂਨ ਦੇ ਨਜ਼ਰੀਆ ਪੰਨੇ ’ਤੇ ਲਛਮਣ ਸਿੰਘ ਸੇਵੇਵਾਲਾ ਦਾ ਲੇਖ ‘ਵਿੱਤੀ ਅਦਾਰਿਆਂ ਦੀ ਸੂਦਖ਼ੋਰੀ ਲੁੱਟ ਅਤੇ ਮਜ਼ਦੂਰ ਔਰਤਾਂ’ ਅਤੇ ਸੰਪਾਦਕੀ ‘ਪ੍ਰਾਈਵੇਟ ਹਸਪਤਾਲਾਂ ਦੀ ਭੂਮਿਕਾ’ ਪੜ੍ਹੇ, ਜਿਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਪ੍ਰਾਈਵੇਟ ਅਦਾਰੇ ਮੱਧ ਵਰਗ ਅਤੇ ਗ਼ਰੀਬ ਮਜ਼ਦੂਰ ਔਰਤਾਂ ਦੀ ਲੁੱਟ ਸਰਕਾਰੀ ਇਜਾਜ਼ਤ ਨਾਲ ਹੀ ਕਰ ਰਹੇ ਹਨ। ਪ੍ਰਾਈਵੇਟ ਹਸਪਤਾਲਾਂ ਦੇ ਮਾਲਕ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਚਲਾਉਣ ਵਾਲੇ ਸਿਆਸੀ ਛਤਰੀ ਹੇਠ ਹਨ। ਇਨ੍ਹਾਂ ਹਸਪਤਾਲਾਂ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਤੋਂ ਸਮਾਜਿਕ ਜ਼ਿੰਮੇਵਾਰੀ ਦੀ ਆਸ ਰੱਖਣਾ ਸੇਖ਼ਚਿਲੀ ਵਾਂਗ ਸੁਪਨੇ ਦੇਖਣ ਵਾਲੀ ਗੱਲ ਹੈ।
ਜਗਰੂਪ ਸਿੰਘ ਉੱਭਾਵਾਲ (ਸੰਗਰੂਰ)
(2)
ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ ਰੂਪੀ ਤੰਦੂਆ ਜਾਲ ਬਾਰੇ ਲਛਮਣ ਸਿੰਘ ਸੇਵੇਵਾਲਾ ਦਾ ਲੇਖ ਜਾਣਕਾਰੀ ਭਰਪੂਰ ਹੈ। ਲੇਖਕ ਨੇ ਬਹੁਤ ਮਿਹਨਤ ਨਾਲ ਖੋਜ ਕਰਕੇ ਤੱਥ ਸਾਂਝੇ ਕੀਤੇ ਹਨ। ਪਿਛਲੇ ਹਫ਼ਤੇ ਇਸੇ ਵਿਸ਼ੇ ’ਤੇ ਹਮੀਰ ਸਿੰਘ ਦਾ ਲੇਖ ਵੀ ਵਧੀਆ ਸੀ।
ਮਹੀਪਾਲ (ਈਮੇਲ)
ਕੁਦਰਤ ਬਨਾਮ ਭਵਿੱਖ
29 ਜੂਨ ਨੂੰ ਨੰਦ ਸਿੰਘ ਮਹਿਤਾ ਦਾ ਮਿਡਲ ‘ਕਾਦਰ ਕੀ ਕਾਇਨਾਤ’ ਪੜ੍ਹਿਆ। ਕੁਦਰਤ ਨਾਲ ਨਜ਼ਦੀਕੀ ਨਾ ਸਿਰਫ਼ ਬੰਦੇ ਵਿਚ ਇਨਸਾਨੀਅਤ ਦੇ ਗੁਣ ਪੈਦਾ ਕਰਦੀ ਹੈ ਬਲਕਿ ਬਹੁਤ ਸਾਰੇ ਸੂਖਮ ਭਾਵ ਵੀ ਪੈਦਾ ਕਰਦੀ ਹੈ, ਜੋ ਹੋਰ ਕਿਤੋਂ ਨਹੀਂ ਸਿੱਖੇ ਜਾ ਸਕਦੇ। ਮੇਰੇ ਘਰ ਬਹੁਤ ਸਾਰੇ ਦਰਖ਼ਤ ਹਨ। ਪੰਛੀ ਆਲ੍ਹਣੇ ਪਾ ਲੈਂਦੇ ਨੇ। ਅਸੀਂ ਲੱਕੜੀ ਦੇ ਆਲ੍ਹਣੇ ਵੀ ਟੰਗੇ ਨੇ। ਘਰ ਦੇ ਬੱਚੇ ਬੋਟਾਂ ਦੀ ਆਵਾਜ਼ ਸੁਣ ਕੇ ਪਛਾਣ ਜਾਂਦੇ ਨੇ ਕਿ ਗੁਟਾਰ ਜਾਂ ਘੁੱਗੀ ਆਲ੍ਹਣੇ ਦੇ ਅੰਦਰ ਹੈ ਜਾਂ ਬਾਹਰ ਚੋਗਾ ਲੈਣ ਗਈ ਹੈ। ਉਨ੍ਹਾਂ ਦੀ ਆਵਾਜ਼ ਪਛਾਣ ਕੇ ਕਈ ਵਾਰ ਸਿਖਰ ਦੁਪਹਿਰੇ ਬਿੱਲੀ ਭਜਾਉਣ ਚਲੇ ਜਾਂਦੇ ਹਨ।
ਮਨਦੀਪ ਕੌਰ, ਲੁਧਿਆਣਾ
ਖ਼ੂਨ ਦੇ ਰਿਸ਼ਤੇ
27 ਜੂਨ ਦਾ ਡਾ. ਮਨਜੀਤ ਸਿੰਘ ਬੱਲ ਦਾ ਮਿਡਲ ‘ਖ਼ੂਨ ਦਾ ਰਿਸ਼ਤਾ’ 37 ਸਾਲ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਵਾ ਗਿਆ। ਚੰਗਾ ਹੁੰਦਾ ਸੀ ਉਸ ਵੇਲੇ ਡਾਕਟਰੀ ਅਮਲਾ। ਅੱਜ-ਕੱਲ੍ਹ ਬਦਲਦੇ ਹਾਲਾਤ ਵਿਚ ਲੋਕ ਡਾਕਟਰੀ ਦਾ ਮਤਲਬ ਪੈਸੇ ਕਮਾਉਣ ਵਜੋਂ ਹੀ ਦੇਖਣ ਲੱਗੇ ਹਨ। ਡਾ. ਬੱਲ ਨੇ ਉਸ ਵੇਲੇ ਮਰਨ ਕਿਨਾਰੇ ਪਏ ਮਰੀਜ਼ ਨੂੰ ਖ਼ੂਨ ਦੇ ਕੇ ਮਿਸਾਲ ਕਾਇਮ ਕੀਤੀ, ਜਦੋਂ ਖ਼ੂਨ ਦੇ ਰਿਸ਼ਤੇ ਖ਼ੂਨ ਦਾਨ ਦੀ ਗੱਲ ਸੁਣ ਕੇ ਹੀ ਤ੍ਰਭਕ ਜਾਂਦੇ ਸਨ। ਕਰੋਨਾ ਮਹਾਮਾਰੀ ਦੇ ਮੌਜੂਦਾ ਹਾਲਾਤ ਵਿਚ ਮੋਟੀਆਂ ਫ਼ੀਸਾਂ ਵਸੂਲਣ ਵਾਲੇ ਨਿੱਜੀ ਹਸਪਤਾਲਾਂ ਨੇ ਲੋਕਾਂ ਲਈ ਆਪਣੇ ਬੂਹੇ ਬੰਦ ਕੀਤੇ ਹੋਏ ਹਨ।
ਰਜਿੰਦਰਜੀਤ ਸਿੰਘ ਕਾਲਾਬੂਲਾ (ਸੰਗਰੂਰ)
ਹੁਣ ਬੰਬੀਹਾ ਬਦਲ ਗਿਆ
27 ਜੂਨ ਨੂੰ ਡਾ. ਸਿਮਰਨ ਸੇਠੀ ਦਾ ਲੇਖ ‘ਬੰਬੀਹਾ ਏਦਾਂ ਤਾਂ ਨਹੀਂ ਬੋਲਦਾ’ ਜਾਣਕਾਰੀ ਵਧਾਉਣ ਦੇ ਨਾਲ ਨਾਲ ਕੁਦਰਤ ਨਾਲ ਪ੍ਰੇਮ ਕਰਨ ਵਾਲੇ ਇਸ ਸੋਹਣੇ ਪੰਛੀ ਦੇ ਬਦਲੇ ਹੋਏ ਮਤਲਬ ਅਤੇ ਸੁਭਾਅ ਦਾ ਵਰਨਣ ਕਰਨ ਵਾਲਾ ਸੀ। ਧਰਤੀ ’ਤੇ ਬੇਸ਼ੱਕ ਬਹੁਤ ਸਾਰਾ ਪਾਣੀ ਹੁੰਦਾ ਹੈ ਲੇਕਿਨ ਇਹ ਤਾਂ ਬੱਦਲਾਂ ਦੇ ਵਸਣ ਤੇ ਉਨ੍ਹਾਂ ਦੇ ਪਾਣੀ ਦਾ ਪਿਆਸਾ ਹੁੰਦਾ ਹੈ ਜਿਸ ਦੇ ਬਿਨਾਂ ਇਹ ਆਪਣੀ ਜਾਨ ਵੀ ਦੇ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਦੀ ਤੁਲਨਾ ਰੱਬ ਨਾਲ ਜੁੜੇ ਬੰਦੇ ਨਾਲ ਕੀਤੀ ਗਈ ਹੈ।
ਸ਼ਾਮ ਲਾਲ ਕੌਸ਼ਿਕ, ਰੋਹਤਕ (ਹਰਿਆਣਾ)
(2)
ਡਾ. ਸਿਮਰਨ ਸੇਠੀ ਦਾ ਲੇਖ ‘ਬੰਬੀਹਾ ਏਦਾਂ ਤਾਂ ਨਹੀਂ ਬੋਲਦਾ’ ਸੱਚਾਈ ਦੇ ਬਹੁਤ ਨੇੜੇ ਹੈ। ਨੌਜਵਾਨ ਪੀੜ੍ਹੀ ਨੂੰ ਜੋ ਕੁਝ ਸੁਣਾਇਆ ਜਾ ਰਿਹਾ ਹੈ, ਉਹ ਉਹੀ ਕੁਝ ਸੁਣੇਗੀ। ਵਰਤਮਾਨ ਸਮੇਂ ਵਿਚ ਚੰਗੀ ਗਾਇਕੀ/ਲੇਖਣੀ ਦੀ ਘਾਟ ਹੈ। ਅਜਿਹੇ ਹਾਲਾਤ ਵਿਚ ਫਿਰ ਮਾੜੀ ਗਾਇਕੀ ਜਾਂ ਲੇਖਣੀ ਨੇ ਹੀ ਪ੍ਰਫ਼ੁਲਤ ਹੋਣਾ ਹੈ। ਨੌਜਵਾਨੀ ਦੀ ਹਾਲਤ ਖ਼ਰਾਬ ਹੈ। ਬੇਰੁਜ਼ਗਾਰੀ ਨੇ ਨਵੀਂ ਪੀੜ੍ਹੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਨਿਰਾਸ਼ਾ ਦੇ ਆਲਮ ਵਿਚ ਉਨ੍ਹਾਂ ਨੂੰ ਲੱਗਦਾ ਹੈ ਕਿ ਨਸ਼ੇ ਅਤੇ ਅਜਿਹਾ ਸੰਗੀਤ ਉਨ੍ਹਾਂ ਨੂੰ ਰਾਹਤ ਅਤੇ ਖੁਸ਼ੀ ਦਿੰਦਾ ਹੈ। ਵਰਤਮਾਨ ਗਾਇਕਾਂ ਅਤੇ ਗੀਤਕਾਰਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਗੀਤ ਲਿਖਣ ਤੇ ਗਾਉਣ ਜਿਸ ਨਾਲ ਸਮਾਜ ਅਤੇ ਨੌਜਵਾਨੀ ਨੂੰ ਸੇਧ ਮਿਲ ਸਕੇ।
ਰਾਜਿੰਦਰ ਸਿੰਘ ‘ਲੱਲੋਂ’, ਅਮਲੋਹ (ਫਤਹਿਗੜ੍ਹ ਸਾਹਿਬ)
ਦਲਿਤ ਔਰਤਾਂ ਅਤੇ ਸੰਘਰਸ਼
25 ਜੂਨ ਬਲਬੀਰ ਮਾਧੋਪੁਰੀ ਦਾ ਲੇਖ ‘ਆਦਿ ਧਰਮ ਅਤੇ ਦਲਿਤਾਂ ਨਾਲ ਵਾਪਰੇ ਸਾਕੇ’ ਕਾਬਲੇਤਾਰੀਫ਼ ਅਤੇ ਨਸਲਵਾਦ ਵਿਰੁੱਧ ਵੈਦਿਕ ਪਰੰਪਰਾਵਾਦੀ ਦੇਸ਼ਵਾਸੀਆਂ ਲਈ ਅੱਖਾਂ ਖੋਲ੍ਹਣ ਵਾਲਾ ਹੈ। ਦਲਿਤ ਉਭਾਰ ਦੇ ਸੰਘਰਸ਼ ਵਿਚ ਔਰਤਾਂ ਨੇ ਵੀ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਐਮਪੀ ਫੂਲਨ ਦੇਵੀ, ਝਲਕਾਰੀ ਬਾਈ ਅਤੇ ਔਰਤ ਦੀ ਅਜ਼ਮਤ ਲਈ ਬੇਮਿਸਾਲ ਸ਼ਹੀਦੀ ਦੇਣ ਵਾਲੀ ਕੇਰਲ ਦੀ ਨੰਗੇਲੀ ਨੂੰ ਸਦਾ ਸਿਜਦਾ ਕੀਤਾ ਜਾਵੇਗਾ। 19ਵੀਂ ਸਦੀ ਦੇ ਆਰੰਭ ਵਿਚ ਤ੍ਰਾਵਨਕੋਰ ਰਾਜ (ਕੇਰਲ) ਵਿਚ ਅਵਰਣ-ਅਛੂਤ ਇਸਤਰੀਆਂ ਨੂੰ ਸਰੀਰ ਦੇ ਉੱਪਰਲੇ ਭਾਗ (ਛਾਤੀ) ਉਤੇ ਕੱਪੜੇ ਪਹਿਨਣ ਦੀ ਇਜਾਜ਼ਤ ਨਹੀਂ ਸੀ ਤੇ ਛਾਤੀ ਢਕਣ ਲਈ ਟੈਕਸ ਦੇਣਾ ਪੈਂਦਾ ਸੀ। ਇਸ ਦਾ ਏਜਵਾ ਜਾਤੀ ਦੀ ਸਾਹਸੀ ਔਰਤ ਨੰਗੇਲੀ ਵੱਲੋਂ ਵਿਰੋਧ ਕੀਤਾ ਅਤੇ ਆਪਣਾ ਸਰੀਰ ਨੰਗਾ ਰੱਖਣ ਤੋਂ ਮਨ੍ਹਾ ਕਰ ਦਿੱਤਾ। ਅਧਿਕਾਰੀਆਂ ਵੱਲੋਂ ਦਬਾਅ ਬਣਾਉਣ ’ਤੇ ਨੰਗੇਲੀ ਨੇ ਆਪਣੀਆਂ ਦੋਵੇਂ ਛਾਤੀਆਂ ਕੱਟ ਕੇ ਪੱਤਿਆਂ ’ਤੇ ਰੱਖ ਕੇ ਅਧਿਕਾਰੀ ਨੂੰ ਸੌਂਪ ਦਿੱਤੀਆਂ ਅਤੇ ਜਾਨ ਦੇ ਦਿੱਤੀ। ਇਸ ਸਦਕਾ ਕੁਝ ਦਿਨ ਬਾਅਦ ਸਰਕਾਰ ਨੇ ਇਹ ਟੈਕਸ ਬੰਦ ਕਰ ਦਿੱਤਾ। ਪਰ ਅਛੂਤ ਔਰਤਾਂ ਨੂੰ ਸਰੀਰ ਦਾ ਉੱਪਰਲਾ ਹਿੱਸਾ ਢਕਣ ਦੀ ਇਜਾਜ਼ਤ ਕਿਤੇ ਬਾਅਦ 1865 ਵਿਚ ਜਾ ਕੇ ਮਿਲੀ।
ਗੁਰਦਿਆਲ ਸਹੋਤਾ, ਲੁਧਿਆਣਾ
ਡਾਕਟਰਾਂ ’ਤੇ ਵਿਸ਼ਵਾਸ
25 ਜੂਨ ਦਾ ਮੁਕੇਸ਼ ਅਠਵਾਲ ਦਾ ਮਿਡਲ ‘ਨਾਨੀ ਦਾ ਵਿਸ਼ਵਾਸ’ ਪੜ੍ਹ ਕੇ ਤਿੰਨ-ਚਾਰ ਦਹਾਕੇ ਪਹਿਲਾਂ ਦੇ ਅਤੇ ਅਜੋਕੇ ਮੈਡੀਕਲ ਸਿਸਟਮ ਦੇ ਬਾਰੇ ਸੋਚਣ ਲਈ ਮਜਬੂਰ ਹੋਣਾ ਪਿਆ। ਉਸ ਸਮੇਂ ਬੇਸ਼ੱਕ ਮੈਡੀਕਲ ਸਾਇੰਸ ਨੇ ਹੁਣ ਜਿੰਨੀ ਤਰੱਕੀ ਨਹੀਂ ਕੀਤੀ ਸੀ ਪਰ ਜੋ ਵੈਦ ਜਾਂ ਡਾਕਟਰ ਆਪਣਾ ਕਿੱਤਾ ਕਰਦੇ ਸਨ ਤਾਂ ਉਸ ਵਿਚ ਕਾਫ਼ੀ ਹੱਦ ਤਕ ਇਮਾਨਦਾਰੀ ਹੁੰਦੀ ਸੀ। ਟੈਸਟਾਂ ਲਈ ਬੇਸ਼ੱਕ ਉਸ ਸਮੇਂ ਲੈਬਾਰਟਰੀ ਸਿਸਟਮ ਉਂਨਾ ਵਿਕਸਤ ਨਹੀਂ ਹੋਇਆ ਸੀ ਪਰ ਉਹ ਇਮਾਨਦਾਰੀ ਨਾਲ ਲੋਕਾਂ ਦੀ ਨਬਜ਼ ਟੋਹ ਕੇ ਹੀ ਦਵਾਈ ਬੂਟੀ ਦੇ ਦਿੰਦੇ ਸਨ। ਪਰ ਅਜੋਕੇ ਮੈਡੀਕਲ ਸਿਸਟਮ ਵਿਚ ‘ਪੈਸਾ ਲਾਉ, ਪੈਸਾ ਕਮਾਉ’ ਦੀ ਦੌੜ ਨੇ ਵਿਸ਼ਵਾਸ ਨੂੰ ਢਾਅ ਜ਼ਰੂਰ ਲਾਈ ਹੈ।
ਬਲਵੀਰ ਸਿੰਘ, ਬਾਸੀਆਂ ਬੇਟ (ਲੁਧਿਆਣਾ)