ਨਿੱਜੀ ਪੱਤਰ ਪ੍ਰੇਰਕ
ਜਲੰਧਰ, 17 ਜੂਨ
ਪੰਜਾਬ ਵਿੱਚ ਜਦੋਂ ਕਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਤਾਂ ਭਾਜਪਾ ਆਪਣਾ ਰਾਜਨੀਤਕ ਏਜੰਡਾ ਅੱਗੇ ਤੋਰਨ ਵਿੱਚ ਰੁਝ ਗਈ ਹੈ। ਭਾਜਪਾ ਵੱਲੋਂ 27 ਜੂਨ ਨੂੰ ਸੂਬਾ ਪੱਧਰੀ ਵੀਡੀਓ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦਾ ਪ੍ਰਬੰਧ ਦੇਖਣ ਲਈ ਭਾਜਪਾ ਦੇ ਸੀਨੀਅਰ ਆਗੂ ਰਾਕੇਸ਼ ਰਾਠੌਰ ਨੂੰ ਪਾਰਟੀ ਦੇ ਸਾਰੇ ਮੋਰਚਿਆਂ ਦਾ ਇੰਚਾਰਜ ਲਗਾਇਆ ਗਿਆ ਹੈ। ਭਾਜਪਾ ਵੱਲੋਂ ਅਜਿਹੀਆਂ ਸੂਬਾ ਪੱਧਰੀ ਦੋ ਤੇ ਜ਼ਿਲ੍ਹਾ ਪੱਧਰੀ 33 ਰੈਲੀਆਂ ਕੀਤੀਆਂ ਜਾਣਗੀਆਂ। ਜਲੰਧਰ ਸ਼ਹਿਰੀ ਦੀ ਕੀਤੀ ਗਈ ਵੀਡੀਓ ਕਾਨਫਰੰਸ ਰਾਹੀਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਵਰਕਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਹ ਧਾਰਾ 370, 35 ਏ, ਤਿੰਨ ਤਲਾਕ, ਸੀਏਏ ਅਤੇ ਰਾਮ ਮੰਦਰ ਵਰਗੀਆਂ ਅਹਿਮ ਪ੍ਰਾਪਤੀਆਂ ਜਨ ਸੰਪਰਕ ਮੁਹਿੰਮ ਰਾਹੀਂ ਘਰ-ਘਰ ਤੱਕ ਪਹੁੰਚਾਉਣ। ਇਨ੍ਹਾਂ ਹਦਾਇਤਾਂ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਜਲੰਧਰ ਦੇ ਸਾਰੇ ਵਰਕਰਾਂ ਨੂੰ ਵੈਬੀਨਾਰ ਰਾਹੀਂ ਸੰਬੋਧਨ ਕਰਦਿਆਂ ਇਹ ਹਦਾਇਤਾਂ ਦਿੱਤੀਆਂ ਸਨ। ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਭਾਜਪਾ ਦੇ ਵਰਕਰਾਂ ਦੁਆਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਿਖਿਆ ਪੱਤਰ ਪੰਜਾਬ ਦੇ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਇਹ ਵੈਬੀਨਾਰ ਇਕੱਲਾ ਜਲੰਧਰ ਲਈ ਸੀ ਤੇ ਸੂਬੇ ਪੱਧਰ ਦਾ ਸੰਮੇਲਨ 27 ਜੂਨ ਨੂੰ ਕੀਤਾ ਜਾਵੇਗਾ।
ਇਸ ਵੈਬੀਨਾਰ ਰਾਹੀਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ’ਤੇ ਵੀ ਤਿੱਖੇ ਹਮਲੇ ਕੀਤੇ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਪੂਰੀ ਸਮਰੱਥਾ ਵਿੱਚ ਲੱਗਾ ਹੋਇਆ ਹੈ। ਪਾਰਟੀ ਦੇ ਸੂਬਾਈ ਜਨਰਲ ਸਕੱਤਰ ਦਿਨੇਸ਼ ਸ਼ਰਮਾ ਨੇ ਇਸ ਮੌਕੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਮਿਸ਼ਨ 2022 ਲਈ ਜੁਟਣ ਦਾ ਸੱਦਾ ਦਿੱਤਾ।