ਹਰਜੀਤ ਅਟਵਾਲ
ਲੰਡਨ ਤੋਂ
ਲੰਡਨ ਦੀ ਹਾਈਕੋਰਟ ਵਿਚ ਅੱਜਕੱਲ੍ਹ ਹੌਲੀਵੁੱਡ ਦੇ ਪ੍ਰਸਿੱਧ ਅਦਾਕਾਰ ਜੌਨੀ ਡੈੱਪ ਦਾ ਕੇਸ ਚੱਲ ਰਿਹਾ ਹੈ। ਬਹੁਤੇ ਲੰਡਨ ਵਾਸੀਆਂ ਦੀ ਆਪਸੀ ਗੱਲਬਾਤ ਵਿਚ ਜਿਵੇਂ ਮੌਸਮ ਦੀ ਚਰਚਾ ਆਮ ਹੁੰਦੀ ਹੈ ਉਵੇਂ ਹੀ ਜੌਨੀ ਡੈੱਪ ਦੇ ਕੇਸ ਦੀ ਚਰਚਾ ਵੀ ਹੁੰਦੀ ਹੈ। ਕੇਸ ਇਹ ਹੈ ਕਿ ਲੰਡਨ ਦੀ ਇਕ ਅਖ਼ਬਾਰ ‘ਦਿ ਸਨ’ ਨੇ ਜੌਨੀ ਡੈੱਪ ਖਿਲਾਫ਼ ਇਕ ਖ਼ਬਰ ਲਾਈ ਸੀ ਜਿਸ ਨੂੰ ਲੈ ਕੇ ਉਸਨੇ ਅਖ਼ਬਾਰ ਉੱਪਰ ਹੱਤਕ ਦਾ ਕੇਸ ਕੀਤਾ ਹੋਇਆ ਹੈ। ਇਹ ਅਖ਼ਬਾਰ ਲੰਡਨ ਦੀ ਬਹੁਤ ਮਸ਼ਹੂਰ ਅਖ਼ਬਾਰ ਹੈ, ਸ਼ਾਇਦ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਵੀ, ਪਰ ਇਸ ਵਿਚਲਾ ਮਾਦਾ ਜਾਂ ਮੈਟਰ ਬਹੁਤ ਚਲਾਵਾਂ ਹੁੰਦਾ ਹੈ। ਹਰ ਰੋਜ਼ ਇਸ ਦੇ ਤੀਜੇ ਸਫ਼ੇ ’ਤੇ ਅਣਕੱਜੀ ਔਰਤ ਦੀ ਤਸਵੀਰ ਹੁੰਦੀ ਹੈ। ਸਾਰੀਆਂ ਖ਼ਬਰਾਂ ਵੀ ਮਸਾਲੇਦਾਰ ਹੁੰਦੀਆਂ ਹਨ। ਸਨਸਨੀਖੇਜ਼ ਖ਼ਬਰਾਂ ਦੇਣੀਆਂ ਇਸ ਅਖ਼ਬਾਰ ਦਾ ਖਾਸਾ ਹੈ। ਇਵੇਂ ਹੀ ਇਸ ਨੇ ਖ਼ਬਰ ਦਿੱਤੀ ਸੀ, ‘ਜੌਨੀ ਡੈੱਪ ‘ਵਾਈਫ ਬੀਟਰ’ ਭਾਵ ਪਤਨੀ ਨੂੰ ਕੁੱਟਣ ਵਾਲਾ ਹੈ। ਇਸ ਤੋਂ ਤੈਸ਼ ਖਾ ਕੇ ਜੌਨੀ ਨੇ ਅਖ਼ਬਾਰ ਉੱਪਰ ਹੱਤਕ ਦਾ ਕੇਸ ਕਰ ਦਿੱਤਾ। ਅੱਜਕੱਲ੍ਹ ਲੰਡਨ ਦੀ ਹਾਈਕੋਰਟ ਵਿਚ ਇਹ ਕੇਸ ਚੱਲ ਰਿਹਾ ਹੈ। ਇਹ ਕੇਸ ਕਾਹਦਾ ਹੈ, ਇਹ ਇਕ ਸੀਰੀਅਲ ਹੀ ਹੈ। ਇਸ ਦੀ ਰੋਜ਼ਾਨਾ ਕਾਰਵਾਈ ਨੂੰ ਟੈਲੀਵਿਜ਼ਨਾਂ ਵਾਲੇ ਹਰ ਸ਼ਾਮ ਸੀਰੀਅਲ ਵਾਂਗ ਪੇਸ਼ ਕਰਦੇ ਹਨ। ਹਾਈ ਕੋਰਟ ਵਿਚ ਵਕੀਲ ਜੌਨੀ ਨੂੰ ਅਜਿਹੇ ਸਵਾਲ ਪੁੱਛ ਰਹੇ ਹਨ ਜਿਸ ਤੋਂ ਉਸ ਨੂੰ ਨੀਮ ਪਾਗਲ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੇ ਬਚਪਨ ਤੋਂ ਲੈ ਕੇ ਜਵਾਨੀ ਤਕ ਦੀਆਂ ਕੀਤੀਆਂ ਕੁਤਾਹੀਆਂ ਨੂੰ ਉਭਾਰਿਆ ਜਾ ਰਿਹਾ ਹੈ। ਉਸ ਦੀ ਪਤਨੀ ਐਂਬਰ ਦਾ ਕਹਿਣਾ ਹੈ ਕਿ ਚੌਦਾਂ ਵਾਰ ਜੌਨੀ ਡੈੱਪ ਨੇ ਉਸ ਨਾਲ ਕੁੱਟਮਾਰ ਕੀਤੀ। ਇਸਤੋਂ ਬਾਅਦ ਦੀਆਂ ਤਸਵੀਰਾਂ ਵੀ ਮੀਡੀਆ ਵਿਚ ਛਾਈਆਂ ਹੋਈਆਂ ਹਨ। ਬਦਲੇ ਵਿਚ ਜੌਨੀ ਵੀ ਪਤਨੀ ਉੱਪਰ ਇਲਜ਼ਾਮ ਲਾ ਰਿਹਾ ਹੈ। ਮੀਡੀਆ ਇਸ ਕੇਸ ਨੂੰ ਏਨੀ ਦਿਲਚਸਪੀ ਨਾਲ ਪੇਸ਼ ਕਰ ਰਿਹਾ ਹੈ ਕਿ ਲੰਡਨ ਦੇ ਬਹੁਤੇ ਲੋਕ ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਵੀ ਭੁੱਲੀ ਬੈਠੇ ਹਨ। ਸਿਆਣੇ ਲੋਕ ਕਹਿ ਰਹੇ ਹਨ ਕਿ ਜੌਨੀ ਡੈੱਪ ਨੂੰ ਇਹ ਕੇਸ ਨਹੀਂ ਸੀ ਕਰਨਾ ਚਾਹੀਦਾ, ਬਲਕਿ ਇਸ ਖ਼ਬਰ ਨੂੰ ਅਣਗੌਲਿਆ ਕਰ ਦੇਣਾ ਚਾਹੀਦਾ ਸੀ। ਅਜਿਹੀਆਂ ਅਖ਼ਬਾਰਾਂ ਤਾਂ ਏਦਾਂ ਦੇ ਕੇਸਾਂ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ। ਉਨ੍ਹਾਂ ਦਾ ਮਕਸਦ ਅਖ਼ਬਾਰ ਨੂੰ ਵੱਧ ਤੋਂ ਵੱਧ ਵੇਚਣਾ ਹੁੰਦਾ ਹੈ। ਅਦਾਲਤਾਂ ਦੇ ਬਾਹਰ ਪੱਤਰਕਾਰਾਂ ਤੇ ਲੋਕਾਂ ਦੀਆਂ ਕਤਾਰਾਂ ਲੱਗੀਆਂ ਹੁੰਦੀਆਂ ਹਨ। ਜੌਨੀ ਡੈੱਪ ਨੂੰ ਦੇਖਣ ਵਾਲਿਆਂ ਦੀ ਭੀੜ ਨੂੰ ਕਾਬੂ ਕਰਨਾ ਪੁਲੀਸ ਲਈ ਮੁਸ਼ਕਲ ਹੋ ਰਿਹਾ ਹੈ। ਹਾਲੇ ਇਹ ਕੇਸ ਚੱਲਣਾ ਹੈ, ਭਾਵ ਲੰਡਨ ਦੀ ਹਾਈਕੋਰਟ ਵਿਚ ਹਾਲੇ ਕੁਝ ਦਿਨ ਹੋਰ ਰੌਣਕਾਂ ਲੱਗਣੀਆਂ ਹਨ।
ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਮਸ਼ਹੂਰ ਬੰਦੇ ਉੱਪਰ ਇਸ ਤਰ੍ਹਾਂ ਦੇ ਗ਼ਲਤ ਕੇਸਾਂ ਦਾ ਆਨੰਦ ਲੋਕ ਟੈਲੀਵਿਜ਼ਨ ਦੇ ਸੀਰੀਅਲਾਂ ਵਾਂਗ ਹੀ ਮਾਣਦੇ ਹਨ। ਪੰਦਰਾਂ ਕੁ ਸਾਲ ਪਹਿਲਾਂ ਅਮਰੀਕਾ ਦੇ ਪ੍ਰਸਿੱਧ ਗਾਇਕ ਮਾਈਕਲ ਜੈਕਸਨ (ਮਰਹੂਮ) ’ਤੇ ਇਕ ਲੜਕੇ ਨੇ ਕੇਸ ਕਰ ਦਿੱਤਾ ਕਿ ਗਾਇਕ ਨੇ ਉਸ ਨਾਲ ਬਦਫੈਲੀ ਕੀਤੀ ਹੈ। ਉਨ੍ਹਾਂ ਦਿਨਾਂ ਵਿਚ ਅਮਰੀਕਾ ਦੀਆਂ ਅਦਾਲਤਾਂ ਵਿਚ ਕੈਮਰੇ ਲੈ ਕੇ ਜਾਣ ਦੀ ਮਨਾਹੀ ਸੀ। ਸੋ ਟੈਲੀਵਿਜ਼ਨ ਵਾਲਿਆਂ ਨੇ ਅਦਾਲਤ ਵਿਚ ਚੱਲਦੀ ਰੋਜ਼ਾਨਾ ਕਾਰਵਾਈ ਦਾ ‘ਸੀਰੀਅਲ’ ਹੀ ਬਣਾ ਲਿਆ ਤੇ ਹਰ ਸ਼ਾਮ ਇਸ ਸੀਰੀਅਲ ਨੂੰ ਦੇਖਣ ਲਈ ਦੁਨੀਆਂ ਭਰ ਤੋਂ ਕਰੋੜਾਂ ਲੋਕ ਟੈਲੀਵਿਜ਼ਨ ’ਤੇ ਜੁੜ ਜਾਂਦੇ। ਜੋ ਨਾ ਦੇਖ ਸਕਦੇ ਉਹ ਰਿਪੀਟ ਦੇਖਦੇ ਜਾਂ ਹੋਰ ਸਾਧਨ ਲੱਭ ਕੇ ਦੇਖਦੇ। ਜੋ ਕੁਝ ਉਸ ਦਿਨ ਅਦਾਲਤ ਵਿਚ ਹੋਇਆ ਹੁੰਦਾ, ਸ਼ਾਮ ਨੂੰ ਟੈਲੀਵਿਜ਼ਨ ’ਤੇ ਦਿਖਾਇਆ ਜਾਂਦਾ। ਜੱਜਾਂ, ਵਕੀਲਾਂ, ਸਾਇਲਾਂ, ਦੋਸ਼ੀਆਂ, ਦਰਸ਼ਕਾਂ ਭਾਵ ਸਭ ਦਾ ਰੋਲ ਐਕਟਰ ਨਿਭਾਉਂਦੇ। ਟੈਲੀਵਿਜ਼ਨ ਦੀ ਰੇਟਿੰਗ ਬਹੁਤ ਉੱਪਰ ਚਲੇ ਜਾਂਦੀ। ਉਨ੍ਹਾਂ ਦੀ ਚਾਂਦੀ ਹੋ ਜਾਂਦੀ। ਇਸ ਤਰ੍ਹਾਂ ਦੇ ਕੇਸਾਂ ਵਿਚ ਫਸੇ ਹੋਏ ਇਨਸਾਨ ਦੀ ਮਾਨਸਿਕ ਹਾਲਤ ਕੀ ਹੁੰਦੀ ਹੈ, ਇਸ ਦਾ ਆਮ ਜਨਤਾ ਨੂੰ ਵੀ ਕੋਈ ਫਿਕਰ ਨਹੀਂ ਹੁੰਦਾ, ਉਨ੍ਹਾਂ ਨੂੰ ਤਾਂ ਕੇਸ ਵਿਚੋਂ ਨਿਕਲਦੀ ਸਨਸਨੀ ਨਾਲ ਮਿਲਦੇ ਆਨੰਦ ਨਾਲ ਵਾਹ ਹੁੰਦਾ ਹੈ। ਜਦੋਂ ਮਾਈਕਲ ਜੈਕਸਨ ’ਤੇ ਇਹ ਕੇਸ ਚੱਲਿਆ ਤਾਂ ਉਹ ਪਾਗਲਹਾਰ ਹੋ ਗਿਆ ਸੀ। ਮਾਈਕਲ ਜੈਕਸਨ ਇਹ ਕੇਸ ਤਾਂ ਜਿੱਤ ਗਿਆ ਸੀ, ਪਰ ਇਹ ਕੇਸ ਉਸ ਦੀ ਮੌਤ ਦਾ ਕਾਰਨ ਬਣ ਗਿਆ ਸੀ ਕਿਉਂਕਿ ਡਿਪਰੈਸ਼ਨ ਵਿਚ ਜਾ ਕੇ ਉਹ ਬਹੁਤੀ ਦਵਾਈ ਖਾਣ ਲੱਗਿਆ ਤੇ ਓਵਰਡੋਜ਼ ਕਾਰਨ ਉਹ ਚੱਲ ਵਸਿਆ।
ਲੰਡਨ ਦੀਆਂ ਅਦਾਲਤਾਂ ਵਿਚ ਸੀਰੀਅਲ ਵਾਂਗ ਚੱਲਦੇ ਕੇਸਾਂ ਨਾਲ ਮੇਰਾ ਵਾਹ ਇੰਗਲੈਂਡ ਪਹੁੰਚਦਿਆਂ ਹੀ ਪੈ ਗਿਆ ਸੀ। ਚਾਲੀ-ਬਤਾਲੀ ਸਾਲ ਪਹਿਲਾਂ ਜਦੋਂ ਮੈਂ ਲੰਡਨ ਆਇਆ ਤਾਂ ਟੈਲੀਵਿਜ਼ਨ ਉੱਪਰ ਅਜਿਹਾ ਹੀ ਕੇਸ ਚੱਲ ਰਿਹਾ ਸੀ। ਜੈਰਮੀ ਥੋਰਪ ਲਬਿਰਲ ਪਾਰਟੀ ਦਾ ਲੀਡਰ ਸੀ ਤੇ ਉੱਤਰੀ ਡੈਵਨ ਤੋਂ ਐੱਮ.ਪੀ. ਸੀ। ਰਾਜਨੀਤਕ ਗਲਿਆਰਿਆਂ ਵਿਚ ਉਹ ਇਕ ਇੱਜ਼ਤਦਾਰ ਰਾਜਨੇਤਾ ਮੰਨਿਆ ਜਾਂਦਾ ਸੀ, ਪਰ ਨੌਰਮਨ ਸਕੌਟ ਨਾਮੀ ਇਕ ਬੰਦੇ ਨੇ ਉਸ ਨੂੰ ਇਕ ਕੇਸ ਵਿਚ ਅਜਿਹਾ ਉਲਝਾਇਆ ਕਿ ਉਹ ਅਰਸ਼ ਤੋਂ ਫਰਸ਼ ’ਤੇ ਆ ਗਿਆ। ਨੌਰਮਨ ਸਕੌਟ ਨੇ ਉਸ ਉੱਪਰ ਦੋਸ਼ ਲਾਇਆ ਸੀ ਕਿ ਜੈਰਮੀ ਥੋਰਪ ਉਸ ਨੂੰ ਮਾਰਨਾ ਚਾਹੁੰਦਾ ਹੈ ਕਿਉਂਕਿ ਉਸ ਦੇ ਜੈਰਮੀ ਥੋਰਮ ਨਾਲ ਸਮਲਿੰਗੀ ਰਿਸ਼ਤੇ ਰਹੇ ਹਨ ਤੇ ਉਹ ਇਨ੍ਹਾਂ ਦੇ ਜਨਤਕ ਹੋਣ ਤੋਂ ਡਰਦਾ ਉਸ ਨੂੰ ਮਾਰ-ਮੁਕਾਉਣਾ ਚਾਹੁੰਦਾ ਹੈ। ਕੋਰਟ ਵਿਚ ਜੈਰਮੀ ਥੋਰਪ ਉੱਪਰ ਅਜਿਹੇ ਦੋਸ਼ ਲੱਗ ਰਹੇ ਸਨ, ਵਕੀਲ ਅਜਿਹੇ ਵਾਹੀਆਤ ਸਵਾਲ ਪੁੱਛ ਰਹੇ ਸਨ ਕਿ ਪਰਿਵਾਰ ਵਿਚ ਬਹਿ ਕੇ ਖ਼ਬਰਾਂ ਦੇਖਣੀਆਂ ਮੁਸ਼ਕਿਲ ਹੋ ਜਾਂਦੀਆਂ। ਉਨ੍ਹਾਂ ਦਿਨਾਂ ਵਿਚ ਸਮਲਿੰਗੀ ਸ਼ਬਦ ਨੂੰ ਏਨਾ ਖੁੱਲ੍ਹ ਕੇ ਵਿਚਾਰਿਆ ਨਹੀਂ ਸੀ ਜਾਂਦਾ ਜਿਵੇਂ ਅੱਜ ਕੀਤਾ ਜਾਂਦਾ ਹੈ। ਬਾਅਦ ਵਿਚ ਜੈਰਮੀ ਥੋਰਪ ਇਹ ਕੇਸ ਜਿੱਤ ਵੀ ਗਿਆ ਸੀ, ਪਰ ਉਸ ਦਾ ਰਾਜਨੀਤਕ ਕਰੀਅਰ ਖ਼ਤਮ ਹੋ ਗਿਆ ਸੀ ਤੇ ਬਹੁਤ ਦੇਰ ਤਕ ਮਾਨਸਿਕ ਤੌਰ ’ਤੇ ਵੀ ਡਾਵਾਂ ਡੋਲ ਰਿਹਾ। ਉਹ ਸ਼ਰਮ ਦਾ ਮਾਰਿਆ ਆਪਣੀ ਮੌਤ ਤਕ ਕਦੇ ਵੀ ਆਮ ਲੋਕਾਂ ਦੇ ਸਾਹਮਣੇ ਨਹੀਂ ਸੀ ਆਇਆ।
ਭਾਰਤੀ ਮੀਡੀਆ ਵੀ ਅਜਿਹੇ ਕੇਸਾਂ ਨੂੰ ਵਧਾ-ਚੜ੍ਹਾ ਕੇ ਦਿਖਾਉਂਦਾ ਹੈ, ਪਰ ਉਹ ਉਕਸਾਊ ਹੋ ਜਾਂਦਾ ਹੈ। ਪੱਛਮੀ ਮੀਡੀਆ ਦੀ ਖਾਸੀਅਤ ਹੈ ਕਿ ਉਹ ਅਜਿਹੀਆਂ ਖ਼ਬਰਾਂ/ਕੇਸਾਂ ਨੂੰ ਬਹੁਤ ਸਹਿਜ ਢੰਗ ਨਾਲ ਪੇਸ਼ ਕਰਦਾ ਹੈ ਜਿਸ ਕਾਰਨ ਆਮ ਲੋਕ ਇਸ ਨਾਲ ਵਧੀਆ ਤਰੀਕੇ ਨਾਲ ਜੁੜ ਸਕਦੇ ਹਨ। ਜਦੋਂ ਵੀ ਅਦਾਲਤਾਂ ਵਿਚ ਅਜਿਹੇ ਕੇਸ ਚੱਲਦੇ ਹਨ ਤਾਂ ਟੈਲੀਵਿਜ਼ਨ ਦੇ ਹੋਰ ਸੀਰੀਅਲਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ ਘਟ ਜਾਂਦੀ ਹੈ ਤੇ ਇਨ੍ਹਾਂ ‘ਸੀਰੀਅਲਾਂ’ ਦੇ ਦਰਸ਼ਕਾਂ ਦੀ ਗਿਣਤੀ ਕਿਤੇ ਵਧ ਜਾਂਦੀ ਹੈ।
ਅੱਜ ਦਾ ਮੀਡੀਆ ਤਾਂ ਪਹਿਲਾਂ ਨਾਲੋਂ ਵੀ ਮਜ਼ਬੂਤ ਹੈ। ਸੋਸ਼ਲ ਮੀਡੀਆ ਤਾਂ ਸਨਸਨੀ ਨੂੰ ਬਿਮਾਰੀ ਵਾਂਗ ਫੈਲਾ ਰਿਹਾ ਹੈ। ਸੋਸ਼ਲ ਮੀਡੀਆ ਉੱਪਰ ਅੱਧੋਂ ਵੱਧ ਖ਼ਬਰਾਂ ਸਿਰਫ਼ ਅਫਵਾਹਾਂ ਹੁੰਦੀਆਂ ਹਨ। ਅਖ਼ਬਾਰਾਂ ਵਿਚ ਛਪੀ ਖ਼ਬਰ ਉੱਪਰ ਤਾਂ ਹਾਲੇ ਅਦਾਲਤਾਂ ਵਿਚ ਕੇਸ ਵੀ ਕੀਤਾ ਜਾ ਸਕਦਾ ਹੈ ਜਿਵੇਂ ਕਿ ਜੌਨੀ ਡੈੱਪ ਨੇ ਕੀਤਾ ਹੈ, ਸੋਸ਼ਲ ਮੀਡੀਆ ਉੱਪਰ ਤਾਂ ਅਜਿਹਾ ਕੋਈ ਕੇਸ ਕਰਨ ਦੇ ਸਾਧਨ ਵੀ ਬਹੁਤ ਸੀਮਤ ਹਨ। ਜਿਹੜਾ ਮਰਜ਼ੀ ਜਿਸ ਖਿਲਾਫ਼ ਲਿਖਦਾ ਜਾ ਰਿਹਾ ਹੈ। ਪਿੱਛੇ ਜਿਹੇ ਬੌਲੀਵੁੱਡ ਦੇ ਐਕਟਰ ਸੁਸ਼ਾਂਤ ਸਿੰਘ ਦੀ ਆਤਮ ਹੱਤਿਆ ਨੂੰ ਲੈ ਕੇ ਸੋਸ਼ਲ ਮੀਡੀਆ ਉੱਪਰ ਬੜਾ ਕੁਝ ਆ ਰਿਹਾ ਹੈ। ਦੂਸ਼ਣਬਾਜ਼ੀ ਹੋ ਰਹੀ ਹੈ। ਕੁਝ ਵੱਡੇ ਅਦਾਕਾਰਾਂ ਤੇ ਨਿਰਮਾਤਾਵਾਂ ਦਾ ਹਾਲ ਜੌਨੀ ਡੈੱਪ ਵਰਗਾ ਹੋ ਰਿਹਾ ਹੈ।
ਪਿੱਛੇ ਜਿਹੇ ਫੇਸਬੁੱਕ ’ਤੇ ਇਵੇਂ ਹੀ ਇਕ ਵੱਡੇ ਲੇਖਕ ’ਤੇ ਇਲਜ਼ਾਮ ਲਾ ਕੇ ਉਸ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਗਾਲ੍ਹਾਂ ਤਕ ਕੱਢੀਆਂ ਗਈਆਂ। ਵਿਚਾਰਾਂ ਦੇ ਫ਼ਰਕ ਨੂੰ ਬਰਦਾਸ਼ਤ ਨਾ ਕਰ ਸਕਣ ਵਾਲੇ ਲੋਕ ਗਾਲੀ-ਗਲੋਚ ਦਾ ਰਾਹ ਸਹਿਜੇ ਹੀ ਅਪਣਾ ਲੈਂਦੇ ਹਨ। ਅਜਿਹੀਆਂ ਪੋਸਟਾਂ ਨੂੰ ਪੜ੍ਹਨ ਤੇ ਉਸ ਦਾ ਆਨੰਦ ਮਾਣਨ ਵਾਲੇ ਲੋਕਾਂ ਦੀ ਕਮੀ ਨਹੀਂ ਹੁੰਦੀ। ਬਹਰਹਾਲ, ਜੌਨੀ ਡੈੱਪ ਦੇ ਕੇਸ ਦਾ ਫ਼ੈਸਲਾ ਕੀ ਹੁੰਦਾ ਹੈ, ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ।