ਪੇਈਚਿੰਗ:
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਫੋਨ ਉਤੇ ਗੱਲਬਾਤ ਕੀਤੀ ਹੈ। ਇਸ ਦੌਰਾਨ ਦੋਵੇਂ ਆਗੂ ‘ਜਲਦੀ ਤੋਂ ਜਲਦੀ’ ਜ਼ਮੀਨ ’ਤੇ ‘ਤਣਾਅ’ ਘਟਾਉਣ ਲਈ ਸਹਿਮਤ ਹੋਏ ਹਨ। ਦੋਵੇਂ ਧਿਰਾਂ ਵਿਚਾਲੇ ਹੋਏ ਸਮਝੌਤੇ ਤਹਿਤ ਸਰਹੱਦੀ ਇਲਾਕੇ ਵਿਚ ਸ਼ਾਂਤੀ ਤੇ ਸਥਿਰਤਾ ਬਰਕਰਾਰ ਰੱਖਣ ਲਈ ਵੀ ਸਹਿਮਤੀ ਬਣੀ ਹੈ। ਜੈਸ਼ੰਕਰ ਨੇ ਵਾਂਗ ਨੂੰ ਕਿਹਾ ਕਿ ਚੀਨੀ ਧਿਰ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਹੈ ਤੇ ਇਸ ਦੇ ਸਿੱਟੇ ਵਜੋਂ ਹੀ ਹਿੰਸਾ ਤੇ ਜਾਨੀ ਨੁਕਸਾਨ ਹੋਇਆ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਚੀਨ ਜ਼ਮੀਨੀ ਪੱਧਰ ’ਤੇ ਬਦਲਾਅ ਦਾ ਚਾਹਵਾਨ ਹੈ। ਸਮਝੌਤਿਆਂ ਅਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦੀ ਸਹਿਮਤੀ ਦੇ ਬਾਵਜੂਦ ਅਜਿਹਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ਦੀ ਗਲਵਾਨ ਵਾਦੀ ਵਿਚ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਹਿੰਸਕ ਝੜਪ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋਏ ਹਨ। ਪੰਜ ਦਹਾਕਿਆਂ ਬਾਅਦ ਦੋਵਾਂ ਮੁਲਕਾਂ ਵਿਚਾਲੇ ਐਨੇ ਵੱਡੇ ਪੱਧਰ ਦਾ ਟਕਰਾਅ ਹੋਇਆ ਹੈ। ਜੈਸ਼ੰਕਰ ਨੇ ਗੱਲਬਾਤ ਦੌਰਾਨ ਆਪਣੇ ਚੀਨੀ ਹਮਰੁਤਬਾ ਕੋਲ ਭਾਰਤ ਵੱਲੋਂ ਸਖ਼ਤ ਰੋਸ ਦਰਜ ਕਰਵਾਇਆ ਹੈ।