ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਜੁਲਾਈ
ਕੈਪਟਨ ਸਰਕਾਰ ਵੱਲੋਂ ਨਵੀਂ ਭਰਤੀ ਤੇ ਕੇਂਦਰੀ ਪੈਟਰਨ ਦੇ ਸਕੇਲ ਲਾਗੂ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਦੇ ਖ਼ਿਲਾਫ਼ ਅਤੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਨ ਤੇ ਅੱਜ ਪੰਜਾਬ ਯੂਟੀ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਇਕਾਈ ਸੰਗਰੂਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੁੱਖ ਦਫਤਰ ਜਲ ਸਪਲਾਈ ਅਤੇ ਸੈਨੀਟੇਸ਼ਨ, ਦਫਤਰ ਜਲ੍ਹਿਾ ਸਿੱਖਿਆ ਅਫਸਰ (ਅਸ) ਅਤੇ ਡਿਵੀਜ਼ਨਲ ਜੰਗਲਾਤ ਅਫਸਰ ਦੇ ਦਫਤਰ ਅੱਗੇ ਜ਼ੋਰਦਾਰ ਪੰਜਾਬ ਸਰਕਾਰ ਦੇ ਪਾਪਾਂ ਦੇ ਘੜੇ ਭੰਨ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਵੀਂ ਭਰਤੀ ਤੇ ਕੇਂਦਰੀ ਪੈਟਰਨ ਦੇ ਸਕੇਲ ਲਾਗੂ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਦੇ ਪੱਤਰ ਦੀਆਂ ਕਾਪੀਆਂ ਫੂਕੀਆਂ ਗਈਆਂ। ਇਸ ਮੌਕੇ ਮੇਲਾ ਸਿੰਘ ਪੁੰਨਾਵਾਲ, ਮਾਲਵਿੰਦਰ ਸਿੰਘ ਸੰਧੂ, ਫਕੀਰ ਸਿੰਘ ਟਿੱਬਾ, ਬਿੱਕਰ ਸਿੰਘ ਸਬਿੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸੱਤਾ ਵਿੱਚ ਸਾਢੇ ਤਿੰਨ ਸਾਲਾਂ ਤੋਂ ਉੱਪਰ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਚੋਣ ਮਨੋਰਥ ਪੱਤਰ ਵਿੱਚ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਹਰ ਰੋਜ਼ ਮੁਲਾਜਮ ਮਾਰੂ ਫੈਸਲੇ ਕੀਤੇ ਜਾ ਰਹੇ ਹਨ। ਧੜਾਧੜ ਮਹਿਕਮਿਆਂ ਦੀ ਅਕਾਰ ਘਟਾਈ ਕਰਕੇ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹਨ। ਪੰਜਾਬ ਦੀ ਪ੍ਰਤੀ ਵਿਅਕਤੀ ਵੱਧ ਆਮਦਨ ਤੇ ਬਾਰਡਰ ਰਾਜ ਹੋਣ ਕਾਰਨ ਇਸ ਰਾਜ ਦੇ ਮੁਲਾਜ਼ਮਾਂ ਲਈ ਕੇਂਦਰੀ ਪੈਟਰਨ ਤੋਂ ਵੱਖਰੇ ਸਕੇਲ ਦਿੱਤੇ ਗਏ ਸਨ ਪਰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਤਨਖਾਹ ਸਕੇਲਾਂ ਨੂੰ ਕੇਂਦਰੀ ਪੈਟਰਨ ਨਾਲ ਜੋੜਨ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ।