ਐੱਨਪੀ ਧਵਨ
ਪਠਾਨਕੋਟ, 16 ਜੂਨ
ਉੱਤਰ ਪ੍ਰਦੇਸ਼ ਦੇ ਬਿਜਨੌਰ, ਰਾਮਪੁਰ, ਲਖੀਮਪੁਰ, ਖੀਰੀ, ਊਧਮ ਸਿੰਘ ਨਗਰ ਵਿੱਚ ਪੰਜਾਬੀ ਕਿਸਾਨਾਂ ਨੂੰ ਬੇਦਖ਼ਲ ਕਰਕੇ ਉਜਾੜਨ ਖ਼ਿਲਾਫ਼ ਆਲ ਇੰਡੀਆ ਭਾਰਤੀ ਸੇਵਾ ਦਲ ਨੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਅਤੇ ਮੰਗ ਕੀਤੀ ਕਿ ਪੰਜਾਬੀ ਕਿਸਾਨਾਂ ਦਾ ਉਜਾੜਾ ਬੰਦ ਕੀਤਾ ਜਾਵੇ। ਆਲ ਇੰਡੀਆ ਭਾਰਤੀ ਸੇਵਾ ਦਲ ਦੇ ਚੇਅਰਮੈਨ ਬੂਆ ਸਿੰਘ ਨੇ ਕਿਹਾ ਕਿ ਅਜ਼ਾਦੀ ਮਗਰੋਂ ਪੰਜਾਬੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਤੀਬਾੜੀ ਕਰ ਰਹੇ ਹਨ। ਪੰਜਾਬੀ ਕਿਸਾਨਾਂ ਨੇ ਉਤਰ ਪ੍ਰਦੇਸ਼ ਦੀ ਖੇਤੀ ਰਹਿਤ ਭੂਮੀ ਨੂੰ ਸੰਵਾਰ ਕੇ ਉਪਜਾਊ ਬਣਾ ਦਿੱਤਾ ਅਤੇ ਯੂਪੀ ਦੇ ਵਿਕਾਸ ਵਿੱਚ ਇੱਕ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਕੋਲ ਜ਼ਮੀਨ ਦੀਆਂ ਰਜਿਸਟਰੀਆਂ ਅਤੇ ਇੰਤਕਾਲ ਵੀ ਹਨ ਪਰ ਇਸ ਦੇ ਬਾਵਜੂਦ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਭਾਰਤੀ ਸੇਵਾ ਦਲ ਦੇ ਚੀਫ਼ ਪੈਟਰਨ ਜਸਵੰਤ ਸਿੰਘ ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਇੱਕ 5 ਮੈਂਬਰੀ ਵਫ਼ਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਮਿਲਣ ਲਈ 25 ਜੂਨ ਨੂੰ ਜਾਵੇਗਾ ਅਤੇ ਉਜਾੜੇ ਜਾ ਰਹੇ ਕਿਸਾਨਾਂ ਦੇ ਹੱਕ ਵਿੱਚ ਮੰਗ ਪੱਤਰ ਦੇਵੇਗਾ।
ਯੋਗੀ ਸਰਕਾਰ ਦੀ ਨਿਖੇਧੀ
ਬਲਾਚੌਰ (ਸੁਭਾਸ਼ ਜੋਸ਼ੀ): ਉੱਤਰ ਪ੍ਰਦੇਸ਼ ਸਥਿਤ ਤਰਾਈ ਦੇ ਇਲਾਕੇ ਵਿੱਚ ਹਜ਼ਾਰਾਂ ਪੰਜਾਬੀ ਕਿਸਾਨਾਂ ਨੂੰ ਯੋਗੀ ਸਰਕਾਰ ਵੱਲੋਂ ਉਜਾੜੇ ਜਾਣ ਅਤੇ ਉਨ੍ਹਾਂ ’ਤੇ ਜ਼ੁਲਮ ਢਾਹੁਣ ਵਾਲੇ ਕਦਮਾਂ ਦੀ ਸੀਪੀਆਈ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਤੇ ਇਸ ਘਿਨਾਉਣੀ ਕਾਰਵਾਈ ਨੂੰ ਤੁਰੰਤ ਬੰਦ ਕਰਨ ਲਈ ਆਖਿਆ। ਇਥੇ ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਆਖਿਆ ਹੈ ਕਿ ਯੋਗੀ ਸਰਕਾਰ ਕਾਨੂੰਨੀ ਹੱਕਾਂ ਦੀ ਪਰਵਾਹ ਨਾ ਕਰਦਿਆਂ ਜ਼ਿਲ੍ਹਾ ਰਾਮਪੁਰ ਦੇ 15 ਪਿੰਡਾਂ, ਜ਼ਿਲ੍ਹਾ ਬਿਜਨੌਰ ਦੇ ਚੰਪਤਪਰ ਅਤੇ ਜ਼ਿਲ੍ਹਾ ਲਖੀਮਪੁਰ ਦੇ ਪਿੰਡ ਰਣਨਗਰ ਦੇ ਕਿਸਾਨਾਂ ਨੂੰ ਉਜਾੜ ਰਹੀ ਹੈ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਕਿਸਾਨਾਂ ਦੇ ਉਜਾੜੇ ਸਬੰਧੀ ਪੰਜਾਬ ਸਰਕਾਰ ਨੂੰ ਵੀ ਤੁਰੰਤ ਨੋਟਿਸ ਲੈ ਕੇ ਕੇਂਦਰ ਸਰਕਾਰ ਨੂੰ ਦਖਲ ਦੇਣ ਲਈ ਕਹਿਣਾ ਚਾਹੀਦਾ ਹੈ ਅਤੇ ਯੂਪੀ ਵਿੱਚ ਕਿਸਾਨੀ ਉਜਾੜਾ ਬੰਦ ਕਰਵਾਉਣ ਲਈ ਅਸਰਦਾਰ ਕਦਮ ਚੁੱਕਣੇ ਚਾਹੀਦੇ ਹਨ।