ਜੈਤੋ (ਸ਼ਗਨ ਕਟਾਰੀਆ):
ਡੇਢ ਸਦੀ ਪੁਰਾਣੇ ਜੈਤੋ ਦੇ ਇਤਿਹਾਸਕ ਕਿਲੇ ’ਤੇ ਲਗਾਤਾਰ ਇਕ ਸਾਲ ਮਗਰੋਂ ਫਿਰ ਮੌਨਸੂਨ ਨੇ ਧਾਵਾ ਬੋਲਿਆ ਹੈ। ਪਿਛਲੇ ਵਰ੍ਹੇ 17 ਜੁਲਾਈ ਨੂੰ ਕਿਲ੍ਹੇ ਦੀ ਡਿਉਢੀ ’ਚ ਬਣਿਆ ਉਹ ਬੰਦੀਖਾਨਾ ਖ਼ਾਕ-ਨਸ਼ੀਨ ਹੋ ਗਿਆ ਸੀ, ਜਿਸ ਵਿੱਚ ‘ਜੈਤੋ ਦੇ ਮੋਰਚੇ’ ਵਕਤ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਬ੍ਰਿਟਿਸ਼ ਹਕੂਮਤ ਨੇ ਕੈਦ ਕੀਤਾ ਸੀ। ਸਾਲ ਭਰ ਤੋਂ ਬਾਹਰ ਵੱਲ ਝੁਕਿਆ ਖੜ੍ਹਾ ਡਿਓਢੀ ਦਾ ਖੱਬਾ ਹਿੱਸਾ ਵੀ ਅੱਜ ਇੰਦਰ ਦੇਵਤੇ ਦੀ ਕਰੋਪੀ ਸਦਕਾ ਢਹਿ-ਢੇਰੀ ਹੋ ਗਿਆ। ਇਹ ਇਤਿਹਾਸਕ ਵਿਰਾਸਤ ਨਾਭਾ ਰਿਆਸਤ ਦੇ ਮਹਾਰਾਜੇ ਰਿਪੁਦਮਨ ਸਿੰਘ ਨੇ ਉਸਾਰੀ ਸੀ। ਜੈਤੋ ਨਾਭਾ ਰਿਆਸਤ ਦਾ ਆਖ਼ਰੀ ਨਗਰ ਸੀ। ਇਸ ਤੋਂ ਅੱਗੇ ਫ਼ਰੀਦਕੋਟ ਰਿਆਸਤ ਸ਼ੁਰੂ ਹੋ ਜਾਂਦੀ ਸੀ। ਪੰਡਿਤ ਜਵਾਹਰ ਲਾਲ ਨਹਿਰੂ ਦੀ ਸਵੈ-ਜੀਵਨੀ ਅਨੁਸਾਰ ਉਨ੍ਹਾਂ ਦੀ ਪਹਿਲੀ ਸਿਆਸੀ ਗ੍ਰਿਫ਼ਤਾਰੀ ਜੈਤੋ ’ਚ ਹੋਈ ਸੀ। 20ਵੀਂ ਸਦੀ ਦੇ ਅੰਤਲੇ ਦਹਾਕੇ ਤੱਕ ਕਿਲ੍ਹੇ ’ਚ ਜੈਤੋ ਦਾ ਥਾਣਾ ਰਿਹਾ ਪਰ ਫਿਰ ਨਹਿਰੂ ਨਾਲ ਸਬੰਧਤ ਹਿੱਸਾ ਛੱਡ ਕੇ ਬਾਕੀ ਕਿਲੇ ਦੀ ਥਾਂ ਥਾਣੇ ਦੀ ਨਵੀਂ ਇਮਾਰਤ ਉਸਾਰ ਦਿੱਤੀ ਗਈ। ਗਾਂਧੀ ਖਾਨਦਾਨ ’ਚੋਂ ਰਾਜੀਵ ਗਾਂਧੀ, ਰਾਹੁਲ ਗਾਂਧੀ ਸਮੇਤ ਕਈ ਆਲ੍ਹਾ ਸਿਆਸੀ ਆਗੂਆਂ ਅਤੇ ਨਾਮਵਰ ਹਸਤੀਆਂ ਇਸ ਸਮਾਰਕ ਨੂੰ ਵੇਖਣ ਆਉਂਦੇ ਰਹੇ। ਸੈਲਾਨੀਆਂ ਦੇ ਦਰਸ਼ਨਾਂ ਲਈ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਰਜਕਾਲ ਸਮੇਂ ਕਰੀਬ 63 ਲੱਖ ਰੁਪਏ ਖ਼ਰਚ ਕੇ ਇਸ ਜਗ੍ਹਾ ਦਾ ਨਵੀਨੀਕਰਨ ਕੀਤਾ ਗਿਆ। 19 ਫਰਵਰੀ 2018 ਨੂੰ ਸੈਰ ਸਪਾਟਾ ਵਿਭਾਗ ਦੇ ਮੰਤਰੀ ਦੀ ਹੈਸੀਅਤ ਵਿਚ ਜੈਤੋ ਆਏ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਮੌਜੂਦਗੀ ਵਿਚ ਜਨਤਕ ਮੰਚ ਤੋਂ 50 ਲੱਖ ਦੀ ਰਕਮ ਇਸ ਵਿਰਾਸਤ ਨੂੰ ਸਾਂਭਣ ਲਈ ਦੇਣ ਦਾ ਐਲਾਨ ਕੀਤਾ। ਵਕਤ ਬਦਲਿਆ ਸਿੱਧੂ ਮੰਤਰੀ ਦੇ ਅਹੁਦੇ ’ਤੇ ਨਹੀਂ ਰਹੇ। ਢਾਈ ਸਾਲਾਂ ’ਚ ਸਰਕਾਰੀ ਖ਼ਜ਼ਾਨੇ ’ਚੋਂ ਇਕ ਧੇਲਾ ਵੀ ਇਸ ਸਮਾਰਕ ’ਤੇ ਨਹੀਂ ਖ਼ਰਚਿਆ ਗਿਆ। ਉਲਟਾ ਮੌਸਮੀ ਕਹਿਰ ਨੇ ਦੋ ਸਾਲਾਂ ’ਚ ਇਸ ਯਾਦਗਾਰ ਦਾ ਮਲੀਆਮੇਟ ਕਰ ਦਿੱਤਾ।
ਇਥੇ ਹਰ ਸਾਲ ‘ਬਾਲ ਦਿਵਸ’ ਮਨਾਉਣ ਦੀ ਰਵਾਇਤ ਕਾਇਮ ਰੱਖਦੇ ਆ ਰਹੇ ਫ਼ਰੀਡਮ ਫ਼ਾਈਟਰਜ਼ ਉੱਤਰਾਧਿਕਾਰੀ ਸੰਗਠਨ ਦੇ ਆਗੂ ਰਾਮ ਰਾਜ ਸੇਵਕ ਨੇ ਵਿਰਾਸਤ ਦੀ ਦਰਦਨਾਕ ਮੌਜੂਦਾ ਦਸ਼ਾ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਇਸ ਲਈ ਹਕੂਮਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਵੋਟ ਪ੍ਰਬੰਧ ਨੇ ਸਿਆਸਤਦਾਨਾਂ ’ਚੋਂ ਦੇਸ਼ ਭਗਤੀ ਦਾ ਜਜ਼ਬਾ ਖਤਮ ਕਰ ਦਿੱਤਾ ਹੈ। ਹੁਣ ਤਾਂ ਉਹ ਸਿਵਿਆਂ ਦੀ ਕੰਧਾਂ ਵਲਣ ਲਈ ਤਾਂ ਫੰਡ ਦਿੰਦੇ ਹਨ ਪਰ ਵਿਰਾਸਤਾਂ ਦੀ ਸਾਂਭ-ਸੰਭਾਲ ਦਾ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ।