ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 9 ਜੁਲਾਈ
ਹਲਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਮਹਿਤਾ ਮਾਇਨਰ ਨੂੰ ਕੰਕਰੀਟ ਨਾਲ ਬਣਾਉਣ ਦਾ ਕੰਮ ਅੱਜ ਕਾਂਗਰਸ ਪਾਰਟੀ ਦੇ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਵੱਲੋਂ ਟੱਕ ਲਾ ਕੇ ਸ਼ੁਰੂ ਕਰ ਦਿੱਤਾ ਗਿਆ। ਇਸ ਸਬੰਧੀ ਗੁਰਜਿੰਦਰ ਸਿੰਘ ਬਾਹੀਆ ਐੱਸ. ਈ. ਨਹਿਰੀ ਵਿਭਾਗ ਨੇ ਦੱਸਿਆ ਕਿ ਇਸ ਪ੍ਰਾਜੈਕਟ ਉੱਪਰ 25 ਕਰੋੜ ਰੁਪਏ ਦੀ ਲਾਗਤ ਆਵੇਗੀ ਜਿਸ ਵਿੱਚੋਂ 12 ਕਰੋੜ ਰੁਪਏ ਦੀ ਲਾਗਤ ਨਾਲ ਬੀਬੀ ਵਾਲਾ ਮਾਇਨਰ ਅਤੇ ਜੈ ਸਿੰਘ ਵਾਲਾ ਮਾਇਨਰ ਬਣ ਕੇ ਤਿਆਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੈ ਸਿੰਘ ਵਾਲਾ ਮਾਇਨਰ ਅਤੇ ਮਹਿਤਾ ਮਾਇਨਰ ਬਨਣ ਨਾਲ ਬਠਿੰਡਾ ਦਿਹਾਤੀ ਹਲਕੇ ਦੇ ਲਗਭਗ 20 ਪਿੰਡਾਂ ਦੀ ਸਿੰਜਾਈ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਾਵੇਗੀ। ਸ੍ਰੀ ਬਾਹੀਆ ਨੇ ਕਿਹਾ ਕਿ ਇਹ ਰਜਬਾਹੇ ਬਨਣ ਨਾਲ ਲੱਗਭਗ 60000 ਏਕੜ ਰਕਬੇ ਨੂੰ ਸਿੰਚਾਈ ਵਾਲੇ ਪਾਣੀ ਦੀ ਸਹੂਲਤ ਹੋਵੇਗੀ। ਇਸ ਮੌਕੇ ਹਰਵਿੰਦਰ ਸਿੰਘ ਲਾਡੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਹਰਮੇਲ ਸਿੰਘ ਘੁੱਦਾ, ਬਲਜੀਤ ਸਿੰਘ ਜੈਲਦਾਰ ਸੰਗਤ, ਮਨਜੀਤ ਸਿੰਘ ਕੋਟਫੱਤਾ ਜਨਰਲ ਸਕੱਤਰ ਯੂਥ ਕਾਂਗਰਸ ਬਠਿੰਡਾ, ਜਗਜੀਤ ਸਿੰਘ ਬਲਾਕ ਪ੍ਰਧਾਨ ਸੰਗਤ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ।