ਸ਼ਾਹਬਾਜ਼ ਸਿੰਘ
ਘੱਗਾ, 28 ਜੂਨ
ਕਰੋਨਾਵਾਇਰਸ ਨੂੰ ਠੱਲ੍ਹ ਪਾਉਣ ਲਈ ਇਕ ਪਾਸੇ ਸੂਬਾ ਸਰਕਾਰ ਚੰਡੀਗੜ੍ਹ ਤੋਂ ਸਖਤ ਫੈਸਲੇ ਲੈ ਰਹੀ ਹੈ, ਉਥੇ ਅਮਲੀ ਤੌਰ ’ਤੇ ਦੂਰ ਦਰਾਡੇ ਸ਼ਹਿਰਾਂ ਵਿੱਚ ਇਹ ਫੈਸਲੇ ਸਖਤੀ ਨਾਲ ਲਾਗੂ ਨਹੀਂ ਹੋ ਰਹੇ। ਇਸ ਦੀ ਇਕ ਮਿਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲ੍ਹਾ ਪਟਿਆਲਾ ਦੇ ਸ਼ੁਤਰਾਣਾ ਹਲਕੇ ਵਿੱਚ ਪੈਂਦੇ ਕਸਬੇ ਬਾਦਸ਼ਾਹਪੁਰ ਦੇ ਸ਼ਰਾਬ ਦੇ ਠੇਕਿਆਂ ਤੋਂ ਮਿਲਦੀ ਹੈ। ਜੋ ਸਰਕਾਰੀ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਬੇਰੋਕ ਰਾਤ ਦੇ 10 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ, ਜਦੋਂਕਿ ਬਾਦਸ਼ਾਹਪੁਰ ਦੀ ਪੁਲੀਸ ਚੌਕੀ ਬਿਲਕੁਲ ਨਾਲ ਲੱਗਦੀ ਹੈ। ਇਸ ਕਾਰਨ ਬਾਦਸ਼ਾਹਪੁਰ ਦੇ ਬਾਕੀ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸ਼ਾਮੀ 7 ਵਜੇ ਦੁਕਾਨਾਂ ਬੰਦ ਕਰਨ ਦਾ ਹੁਕਮ ਹੈ ਅਤੇ ਪੁਲੀਸ 7 ਵਜੇ ਤੋਂ ਬਾਅਦ ਇਕੱਲੀ ਇਕੱਲੀ ਦੁਕਾਨ ਬੰਦ ਕਰਵਾ ਦਿੰਦੀ ਹੈ ਜਦੋਂਕਿ ਬਾਦਸ਼ਾਹਪੁਰ ਦਾ ਠੇਕਾ ਅਤੇ ਅਹਾਤਾ ਰਾਤ 10 ਵਜੇ ਤੱਕ ਚੱਲਦਾ ਰਹਿੰਦਾ ਹੈ ਜਿਸ ਨੂੰ ਕੋਈ ਰੋਕਣ ਵਾਲਾ ਨਹੀਂ ਹੈ ਜਦੋਂਕਿ ਠੇਕੇ ਦੇ ਬੰਦ ਹੋਣ ਦਾ ਸਰਕਾਰੀ ਸਮਾਂ ਰਾਤ ਕੇਵਲ 8 ਵਜੇ ਤੱਕ ਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਬਕਰਾਹਾ ਅਤੇ ਨਨਹੇੜਾ ਦੇ ਠੇਕਿਆਂ ਦਾ ਹਾਲ ਹੈ। ਇਨ੍ਹਾਂ ਠੇਕਿਆਂ ਦੇ ਠੇਕੇਦਾਰਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਅਤੇ ਇਹ ਠੇਕੇ ਮਨਮਰਜੀ ਨਾਲ ਚਲਾਏ ਜਾ ਰਹੇ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸਰਕਾਰੀ ਨਿਯਮ ਸਭ ਦੁਕਾਨਦਾਰਾਂ ਉਤੇ ਬਰਾਬਰ ਲਾਗੂ ਹੋਣੇ ਚਾਹੀਦੇ ਹਨ। ਇਸ ਸਬੰਧੀ ਐੱਸਡੀਐੱਮ ਪਾਤੜਾਂ ਡਾ. ਪਾਲਿਕਾ ਅਰੋੜਾ ਨੇ ਦੱਸਿਆ ਕਿ ਕਰੋਨਾਵਾਇਸ ਦੀ ਮਹਾਮਾਰੀ ਕਾਰਨ ਸ਼ਰਾਬ ਦੇ ਠੇਕੇ ਖੋਲ੍ਹਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਦਾ ਹੀ ਹੈ।