ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਜੂਨ
ਮੋਗਾ ਦੇ ਪਿੰਡ ਤਲਵੰਡੀ ਭੁੰਗੇਰੀਆਂ ਦੇ ਕਿਸਾਨ ਹਰਮਨਜੀਤ ਸਿੰਘ ਨੇ ਪਾਣੀ ਤੇ ਬਿਜਲੀ ਦੀ ਖਪਤ ਘੱਟ ਕਰਕੇ ਖੇਤੀ ਖੇਤਰ ’ਚ ਮਿਸਾਲ ਕਾਇਮ ਕੀਤੀ ਹੈ। ਸੂਬੇ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਹਰਮਨਜੀਤ ਸਿੰਘ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਜੇ ਸਾਰੇ ਕਿਸਾਨ ਇਸ ਤੋਂ ਸੇਧ ਲੈਣ ਤਾਂ ਸੂਬੇ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਹਰਮਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਤਕਰੀਬਨ 10 ਸਾਲ ਤੋਂ ਰਿਵਾਇਤੀ ਕੱਦੂ ਤਕਨੀਕ ਨੂੰ ਛੱਡ ਕੇ ਝੋਨੇ ਦੀ ਸਿੱਧੀ ਬਿਜਾਈ ਤਜਰਬੇ ਵਜੋਂ ਕੀਤੀ, ਜਿਸ ’ਚ ਕੁਝ ਮੁਸ਼ਕਲਾਂ ਆਈਆਂ। ਉਸ ਮਗਰੋਂ ਝੋਨੇ ਦੀ ਸਿੱਧੀ ਬਿਜਾਈ ਲਈ ਡਰਿੱਲ ਮਸ਼ੀਨ ਖਰੀਦ ਕੇ ਕੀਤੀ ਤੇ ਇਸ ਵਰ੍ਹੇ 26 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਉਸ ਨੇ ਤਜਰਬੇ ਲਈ ਟਿਊਬਵੈੱਲ ’ਤੇ ਪਾਣੀ ਦਾ ਮੀਟਰ ਵੀ ਲਾਇਆ ਅਤੇ ਸਿੱਧੀ ਬਿਜਾਈ ਨਾਲ 25 ਤੋਂ 30 ਫ਼ੀਸਦੀ ਪਾਣੀ ਦੀ ਬੱਚਤ ਕੀਤੀ।
ਸੂਬੇ ਦੇ ਖੇਤੀਬਾੜੀ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਰਾਜ ’ਚ ਕਰੀਬ 90 ਫ਼ੀਸਦੀ ਝੋਨੇ ਦੀ ਫ਼ਸਲ ਦੀ ਬਿਜਾਈ ਹੋ ਚੁੱਕੀ ਹੈ। ਸੂਬੇ ’ਚ ਟਿਊਬਵੈੱਲਾਂ ਦੀ ਗਿਣਤੀ ਕਰੀਬ ਪੰਦਰਾਂ ਲੱਖ ਤੱਕ ਪਹੁੰਚ ਗਈ ਹੈ। ਟਿਊਬਵੈੱਲਾਂ ਦੇ ਇਸ ਵਾਧੇ ਨੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਥੱਲੇ ਕਰ ਦਿੱਤਾ ਹੈ। ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਤਰੇ ਦੀ ਹੱਦ ਪਾਰ ਕਰਨ ਵਾਲੇ 138 ’ਚੋਂ 103 ਬਲਾਕ ਹਨ, ਜਿਹੜੇ ਸੰਨ 1984 ਵਿੱਚ 64 ਸਨ। ਮੋਗਾ ਵਿੱਚ 5 ’ਚੋਂ 4 ਬਲਾਕ ਰੈੱਡ ਜ਼ੋਨ ਹਨ ਤੇ ਬਲਾਕ ਕੋਟ ਈਸੇ ਖਾਂ ਦਾ ਸਤਲੁਜ ਦਰਿਆ ਨੇੜੇ ਹੋਣ ਕਾਰਨ ਬਚਾਅ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ, ਡਾ. ਜਸਵਿੰਦਰ ਸਿੰਘ ਬਰਾੜ ਅਤੇ ਡਾ. ਕੁਲਦੀਪ ਸਿੰਘ ਬੁੱਟਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ਨੂੰ ਰੋਜ਼ ਪਾਣੀ ਲਗਾਉਣ ਦੀ ਲੋੜ ਨਹੀਂ। ਇਸ ਨਾਲ ਸਿਰਫ਼ ਪਾਣੀ ਦੀ ਹੀ ਬੱਚਤ ਨਹੀ ਹੁੰਦੀ ਸਗੋਂ ਉਪਜ ਵਿੱਚ ਵੀ ਵਾਧਾ ਹੁੰਦਾ ਹੈ।