ਰਵਿੰਦਰ ਰਵੀ
ਬਰਨਾਲਾ, 28 ਜੂਨ
ਪੁਲੀਸ ਨੇ ਹਸਪਤਾਲ ‘ਚ ਡਿਊਟੀ ਦੌਰਾਨ ਡਾਕਟਰਾਂ ਨਾਲ ਹੁੱਲੜਬਾਜ਼ੀ ਅਤੇ ਲਾਸ਼ ਨੂੰ ਮੁਰਦਾਘਰ ‘ਚੋਂ ਧੱਕੇ ਨਾਲ ਚੁੱਕੇ ਕੇ ਲੈ ਜਾਣ ਵਾਲੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁੱਖ ਮੁਲਜ਼ਮ ਸਮੇਤ ਗ੍ਰਿਫ਼ਤਾਰ ਕੀਤੇ 8 ਮੁਲਜ਼ਮਾਂ ਦਾ ਅਦਾਲਤ ਤੋਂ ਹੋਰ ਪੁੱਛ-ਗਿੱਛ ਲਈ ਇੱਕ ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਪੁਲੀਸ ਵੱਲੋਂ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
ਥਾਣਾ ਸਿਟੀ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਮ੍ਰਿਤਕ ਬਲਵਿੰਦਰ ਸਿੰਘ ਦੀ ਲਾਸ਼ ਦੇ ਪੋਸਟ ਮਾਰਟਮ ‘ਚ ਕੁਝ ਕਾਨੂੰਨੀ ਅੜਚਨ ਹੋਣ ’ਤੇ ਮ੍ਰਿਤਕ ਦੇ ਰਿਸ਼ਤੇਦਾਰ ਤੇ ਕੁਝ ਹੋਰ ਵਿਅਕਤੀ ਹਸਪਤਾਲ ਦੇ ਐੱਸਐੱਮਓ ਸਮੇਤ ਕਈ ਡਾਕਟਰਾਂ ਨੂੰ ਕਮਰੇ ‘ਚ ਬੰਦੀ ਬਣਾ ਕੇ ਬਾਹਰੋਂ ਤਾਲਾ ਲਾ ਕੇ ਮੁਰਦਾਘਰ ਦਾ ਤਾਲਾ ਤੜ ਕੇ ਲਾਸ਼ ਲੈ ਗਏ ਸਨ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਰਿਸ਼ਤੇਦਾਰ ਬਿੰਦਰ ਸਿੰਘ ਵਾਸੀ ਗੱਗੜਪੁਰ ਜੋ ਮ੍ਰਿਤਕ ਦਾ ਰਿਸ਼ਤੇਦਾਰ ਹੈ, ਨੇ ਭੀੜ ਨੂੰ ਉਤੇਜਿਤ ਕੀਤਾ ਅਤੇ ਮੁਰਦਾਘਰ ਦਾ ਜਿੰਦਾ ਤੋੜ ਕੇ ਲਾਸ਼ ਨੂੰ ਆਪਣੀ ਸਵਿੱਫਟ ਕਾਰ ‘ਚ ਲੈ ਗਿਆ ਅਤੇ ਮੁਰਦਾਘਰ ਦੇ ਤੋੜੇ ਜਿੰਦੇ ਨੂੰ ਵੀ ਸਾਜ਼ਿਸ਼ ਤਹਿਤ ਨਾਲ ਲੈ ਗਿਆ। ਇੰਸਪੈਕਟਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਘਟਨਾ ‘ਚ ਵਰਤੀ ਕਾਰ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਹੁੱਲੜਬਾਜ਼ੀ ਸਬੰਧੀ 14 ਪੁਰਸ਼ ਤੇ 2 ਔਰਤਾਂ ਸਮੇਤ ਕੁੱਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ‘ਚੋਂ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵੱਲੋਂ ਹੋਰ ਪੁੱਛਗਿੱਛ ਲਈ ਇੱਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ।
ਪੁਲੀਸ ਪੜਤਾਲ ‘ਚ ਗੱਲ ਸਾਹਮੇਣ ਉੱਭਰ ਕੇ ਆ ਰਹੀ ਹੈ ਕਿ ਘਟਨਾ ‘ਚ ਸ਼ਾਮਲ ਸੂਬੇ ਦੀ ਵੱਡੀ ਰਾਜਸੀ ਪਾਰਟੀ ਦੇ ਆਗੂ ਤੇ ਸਾਬਕਾ ਚੇਅਰਮੈਨ ਦੇ ਸ਼ਾਮਲ ਹੋਣ ਦੇ ਚਰਚੇ ਹਨ।