ਨਵੀਂ ਦਿੱਲੀ: ਈ-ਕਾਮਰਸ ’ਚ ਮੂਹਰੀ ਕੰਪਨੀ ਐਮੇਜ਼ੋਨ ਇੰਡੀਆ ਨੇ ਅੱਜ ਕਿਹਾ ਕਿ ਉਹ ਭਾਰਤ ਵਿੱਚ ਆਪਣੇ ਗਾਹਕਾਂ ਦੀ ਮਦਦ ਤੇ ਆਲਮੀ ਪੱਧਰ ’ਤੇ ਆਨਲਾਈਨ ਸ਼ਾਪਿੰਗ ਦੇ ਤਜਰਬੇ ਨੂੰ ਹੋਰ ਬਿਹਤਰ ਬਣਾਉਣ ਲਈ ਜਲਦੀ ਹੀ 20 ਹਜ਼ਾਰ ਆਰਜ਼ੀ ਸਟਾਫ਼ ਦੀ ਭਰਤੀ ਕਰੇਗੀ। ਕੰਪਨੀ ਨੇ ਇਕ ਬਿਆਨ ਵਿੱਚ ਕਿਹਾ ਕਿ ਨਵੀਆਂ ਆਰਜ਼ੀ ਨਿਯੁਕਤੀਆਂ ਅਗਲੇ ਛੇ ਮਹੀਨਿਆਂ ’ਚ ਗਾਹਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਕੀਤੀਆਂ ਜਾਣਗੀਆਂ। ਸੀਜ਼ਨਲ ਜਾਂ ਆਰਜ਼ੀ ਰੁਜ਼ਗਾਰ ਦੇ ਮੌਕੇ ਹੈਦਰਾਬਾਦ, ਪੁਣੇ, ਕੋਇੰਬਤੂਰ, ਨੌਇਡਾ, ਕੋਲਕਾਤਾ, ਜੈਪੁਰ, ਚੰਡੀਗੜ੍ਹ, ਮੰਗਲੂਰੂ, ਇੰਦੌਰ, ਭੋਪਾਲ ਤੇ ਲਖਨਊ ਵਿੱਚ ਦਿੱਤੇ ਜਾਣਗੇ। ਇਨ੍ਹਾਂ ਵਿੱਚੋਂ ਬਹੁਤੀਆਂ ਨੌਕਰੀਆਂ ਐਮੇਜ਼ੋਨ ‘ਵਰਚੁਅਲ ਕਸਟਮਰ ਸਰਵਿਸ’ ਪ੍ਰੋਗਰਾਮ ਦਾ ਹਿੱਸਾ ਹੋਣਗੀਆਂ, ਜਿਸ ਵਿੱਚ ਘਰੋਂ ਕੰਮ ਕਰਨ ਦਾ ਬਦਲ ਵੀ ਹੋਵੇਗਾ। ਇਨ੍ਹਾਂ ਨਿਯੁਕਤੀਆਂ ਲਈ ਘੱਟੋ-ਘੱਟ ਵਿਦਿਅਕ ਯੋਗਤਾ 12ਵੀਂ ਪਾਸ ਤੇ ਅੰਗਰੇਜ਼ੀ ਹਿੰਦੀ, ਤਾਮਿਲ, ਤੇਲਗੂ ਜਾਂ ਕੰਨੜ ਭਾਸ਼ਾ ’ਚ ਚੰਗੀ ਪਕੜ ਹੋਵੇਗੀ। -ਪੀਟੀਆਈ