ਪੱਤਰ ਪ੍ਰੇਰਕ
ਭੋਗਪੁਰ, 28 ਜੂਨ
ਇਸ ਇਲਾਕੇ ਵਿੱਚ ਕੋਵਿਡ-19 ਨੇ ਪੈਰ ਪਸਾਰ ਲਏ ਹਨ। ਕੇਨਰਾ ਬੈਂਕ ਪਚਰੰਗਾ ਦੇ ਮੈਨੇਜਰ ਨੀਰਜ ਕੁਮਾਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਮਗਰੋਂ ਬੈਂਕ ਸਟਾਫ ਅਤੇ ਬੈਂਕ ਨਾਲ ਲੈਣ-ਦੇਣ ਕਰਨ ਵਾਲੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇੱਥੋਂ ਦੇ ਅਰੋੜਾ ਹਸਪਤਾਲ ਦੇ ਇੱਕ ਕਰਮਚਾਰੀ ਰਜਤ ਨੂੰ ਕਰੋਨਾ ਦੀ ਪੁਸ਼ਟੀ ਹੋਈ ਹੈ। ਉਹ ਪਿੰਡ ਚੱਕਝੱਡੂ ਨਾਲ ਸਬੰਧਿਤ ਹੈ। ਇਸ ਮਗਰੋਂ ਹਸਪਤਾਲ ਦੇ 6 ਸਟਾਫ ਮੈਂਬਰਾਂ ਦੇ ਸੈਂਪਲ ਲਏ ਗਏ ਹਨ। ਸਿਵਲ ਹਸਪਤਾਲ ਕਾਲਾ ਬਕਰਾ ਦੇ ਐੱਸਐੱਮਓ ਡਾ. ਕਮਲ ਸਿੱਧੂ ਨੇ ਦੱਸਿਆ ਕਿ ਸ਼ਹਿਰ ਦੀ ਕਰੋਨਾ ਪੀੜਤ ਕਵਿਤਾ ਅਰੋੜਾ ਸਿਹਤਯਾਬ ਹੋ ਗਈ ਹੈ। ਮਾਣਕਰਾਏ ਵਾਸੀ ਅਤੇ ਪੁਲੀਸ ਮੁਲਾਜ਼ਮ ਗੁਰਵਿੰਦਰ ਸਿੰਘ, ਸਗਰਾਂਵਾਲੀ ਦੇ ਬਲਜਿੰਦਰ ਸਿੰਘ, ਪਿੰਡ ਭਟਨੂਰਾ ਲੁਬਾਣਾ ਦੇ ਮਲਕੀਤ ਸਿੰਘ ਅਤੇ ਉਸ ਦੀ ਪਤਨੀ ਜਤਿੰਦਰ ਕੌਰ ਤੇ ਭਰਾ ਜਸਵਿੰਦਰ ਸਿੰਘ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਨ੍ਹਾਂ ਸਾਰਿਆਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
5 ਮਰੀਜ਼ਾਂ ਨੂੰ ਛੁੱਟੀ
ਬੰਗਾ (ਪੱਤਰ ਪ੍ਰੇਰਕ): ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਇਕਾਂਤਵਾਸ ਵਾਰਡ ਤੋਂ ਅੱਜ 5 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰੇਲੂ ਇਕਾਂਤਵਾਸ ’ਚ ਭੇਜ ਦਿੱਤਾ ਗਿਆ। ਦੂਜੇ ਪਾਸੇ ਜ਼ਿਲ੍ਹੇ ’ਚ ਅੱਜ ਵਿਦੇਸ਼ ਤੋਂ ਆਏ 9 ਵਿਅਕਤੀਆਂ ਅਤੇ ਦੂਸਰੇ ਰਾਜਾਂ ਤੋਂ ਆਏ ਤਿੰਨ ਵਿਅਕਤੀਆਂ ਸਮੇਤ 12 ਵਿਅਕਤੀਆਂ ਦੇ ਕੋਵਿਡ-19 ਦੇ ਟੈਸਟ ਪਾਜ਼ਿਟਿਵ ਪਾਏ ਗਏ। ਜ਼ਿਲ੍ਹੇ ’ਚ ਸਰਗਰਮ ਕੇਸਾਂ ਦੀ ਗਿਣਤੀ 19 ਹੋ ਗਈ ਹੈ।